ਸ਼ਰਾਬ ਦਾ ਠੇਕਾ ਹਟਾਉਣ ਲਈ ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

Avtar Gill
Last Updated: Jan 14 2018 17:09

ਮਾਨਯੋਗ ਅਦਾਲਤ ਵੱਲੋਂ ਸ਼ਰਾਬ ਠੇਕੇ ਖੋਲ੍ਹਣ ਸਬੰਧੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਰ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਮਹਿਕਮਾ ਆਬਕਾਰੀ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ ਹਨ, ਜਿਸ ਕਰਕੇ ਆਮ ਲੋਕਾਂ ਨੂੰ ਇਨ੍ਹਾਂ ਸ਼ਰਾਬ ਠੇਕਿਆਂ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਕੁਲਾਰ ਵਿਖੇ ਮੰਦਰ ਅਤੇ ਬੱਸ ਅੱਡੇ ਨਜ਼ਦੀਕ ਖੁਲਿਆਂ ਸ਼ਰਾਬ ਠੇਕਾ ਇਨ੍ਹਾਂ ਦਿਨੀਂ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਪਿੰਡ ਦੇ ਲੋਕਾਂ ਨੇ ਇਸ ਠੇਕੇ ਨੂੰ ਇੱਥੋਂ ਚਕਾਉਣ ਲਈ ਮੰਗ ਕਰਦਿਆਂ ਉਪਮੰਡਲ ਅਧਿਕਾਰੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ।

ਸ਼ਰਾਬ ਠੇਕੇ ਖੋਲੇ ਜਾਣ ਸਬੰਧੀ ਵੀ ਕਾਨੂੰਨ ਹੈ ਜਿਸ ਦੇ ਤਹਿਤ ਸਕੂਲ-ਕਾਲਜ, ਧਾਰਮਿਕ ਅਸਥਾਨ, ਲੋਕਾਂ ਦੇ ਉਠਣ-ਬੈਠਣ ਵਾਲੀ ਸਾਂਝੀ ਥਾਂ, ਹਾਈਵੇ ਤੋਂ ਦੂਰ ਹੀ ਸ਼ਰਾਬ ਠੇਕਾ ਖੋਲਿਆ ਜਾ ਸਕਦਾ ਹੈ, ਪਰ ਮਹਿਕਮਾ ਆਬਕਾਰੀ ਅਤੇ ਪ੍ਰਸ਼ਾਸਨ ਦੀ ਕਥਿਤ ਲਾਪਰਵਾਈ ਕਰਕੇ ਅੱਜ ਵੀ ਇਨ੍ਹਾਂ ਥਾਵਾਂ ਦੇ ਨਜ਼ਦੀਕ ਖੁੱਲੇ ਠੇਕੇ ਲੋਕਾਂ ਲਈ ਮੁਸ਼ਕਿਲ ਖੜੀ ਕਰ ਰਹੇ ਹਨ। ਜ਼ਿਲ੍ਹੇ ਦੇ ਪਿੰਡ ਕੁਲਾਰ ਵਿਖੇ ਮੰਦਰ ਕੋਲ ਬਣੇ ਸ਼ਰਾਬ ਠੇਕੇ ਨੂੰ ਉੱਥੋਂ ਹਟਵਾਉਣ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਬਣਾਏ ਵੀਰ ਸ਼ਿਵਾ ਜੀ ਕਲੱਬ ਵੱਲੋਂ ਉਪਮੰਡਲ ਅਧਿਕਾਰੀ ਨੂੰ ਇੱਕ ਮੰਗ ਪੱਤਰ ਦਿੰਦੇ ਹੋਏ ਸ਼ਰਾਬ ਠੇਕੇ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਵਿਕਰਮਜੀਤ ਸ਼ਰਮਾ ਅਤੇ ਮਨੋਜ ਕੁਮਾਰ ਨੇ ਐਸ.ਡੀ.ਐਮ ਪੂਨਮ ਸਿੰਘ ਨੂੰ ਇੱਕ ਮੰਗ ਪੱਤਰ ਲਿੱਖ ਕੇ ਪਿੰਡ ਕੁਲਾਰ ਵਿੱਚ ਬੱਸ ਸਟੈਂਡ ਅਤੇ ਮੰਦਰ ਦੇ ਨੇੜੇ ਬਣੇ ਠੇਕੇ ਨੂੰ ਹਟਾਉਣ ਦੀ ਮੰਗ ਕਰਦਿਆਂ ਦੱਸਿਆ ਕਿ ਠੇਕੇ ਕੋਲ ਹੀ ਬੱਸ ਸਟੈਂਡ ਹੈ, ਇੱਥੇ ਪਿੰਡ ਦੀਆਂ ਮਹਿਲਾਵਾਂ, ਬੱਚਿਆਂ ਅਤੇ ਹੋਰ ਰਾਹਗੀਰ ਬੱਸ ਸਟੈਂਡ 'ਤੇ ਬੈਠੇ ਹੁੰਦੇ ਹਨ। ਇਸ ਦੇ ਇਲਾਵਾ ਮੰਦਰ ਕੋਲ ਹੋਣ ਕਰਕੇ ਮੰਦਰ ਵਿੱਚ ਆਉਣ-ਜਾਣ ਵਾਲੇ ਸ਼ਰੱਧਾਲੁਆਂ ਨੂੰ ਠੇਕੇ 'ਤੇ ਬੈਠੇ ਸ਼ਰਾਬੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੱਝ ਸ਼ਰਾਬੀ ਇੱਥੇ ਗਾਲੀ ਗਲੌਚ ਵੀ ਕਰਦੇ ਹਨ, ਜਿਸਦੇ ਨਾਲ ਮੰਦਰ ਵਿੱਚ ਆਉਣ ਵਾਲੀ ਔਰਤਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਲੱਬ ਵੱਲੋਂ ਦਿੱਤੇ ਗਏ ਮੰਗ ਪੱਤਰ ਦੇ ਸਬੰਧ ਵਿੱਚ ਐਸ.ਡੀ.ਐਮ ਪੂਨਮ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਛੇਤੀ ਹੀ ਇਹ ਠੇਕਾ ਹਟਵਾ ਦਿੱਤਾ ਜਾਵੇਗਾ।