ਕਾਰ ਸਵਾਰ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਮੋਟਰਸਾਈਕਲ ਸਵਾਰ ਨੂੰ ਕੀਤਾ ਜ਼ਖਮੀ

Jatinder Singh
Last Updated: Jan 14 2018 17:06

ਰਸਤੇ 'ਚ ਖੜੀ ਕਾਰ ਨੂੰ ਸਾਈਡ 'ਤੇ ਕਰਨ ਨੂੰ ਕਹਿਣ ਤੇ ਕਾਰ ਅਤੇ ਮੋਟਰਸਾਈਕਲ ਸਵਾਰ ਦਰਮਿਆਨ ਹੋਏੇ ਝਗੜੇ ਦੌਰਾਨ ਕਾਰ ਸਵਾਰ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਮੋਟਰਸਾਈਕਲ ਸਵਾਰ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਮੋਟਰਸਾਈਕਲ ਸਵਾਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਝਗੜੇ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਸਿਵਲ ਹਸਪਤਾਲ 'ਚ ਦਾਖਲ ਪਰਮਿੰਦਰ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਉਹ ਆਪਣਾ ਸ਼ਰਾਬ ਦਾ ਅਹਾਤਾ ਬੰਦ ਕਰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਕਰਤਾਰ ਨਗਰ ਇਲਾਕੇ 'ਚ ਪਹੁੰਚਿਆ ਤਾਂ ਗਲੀ 'ਚ ਇੱਕ ਵਿਅਕਤੀ ਨੇ ਕਾਰ ਖੜੀ ਕੀਤੀ ਹੋਈ ਸੀ। ਉਸ ਦੇ ਲੰਘਣ ਲਈ ਰਸਤਾ ਨਾ ਹੋਣ ਦੇ ਚੱਲਦੇ ਉਸ ਨੇ ਕਾਰ ਸਵਾਰ ਨੂੰ ਕਾਰ ਇੱਕ ਸਾਈਡ ਕਰਨ ਨੂੰ ਕਹਿ ਦਿੱਤਾ। ਇਸ 'ਤੇ ਭੜਕੇ ਕਾਰ ਸਵਾਰ ਵਿਅਕਤੀ ਨੇ ਉਸ ਨੂੰ ਗਾਲ੍ਹਾਂ ਕੱਢਨਿਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਮੋਟਰਸਾਈਕਲ ਰੋਕ ਕੇ ਗਾਲ ਕੱਢਣ ਦਾ ਵਿਰੋਧ ਕੀਤਾ ਤਾਂ ਕਾਰ ਸਵਾਰ ਨੇ ਝਗੜਾ ਕਰਦੇ ਹੋਏ ਕਾਰ ਚੋਂ ਲੋਹੇ ਦੀ ਰਾਡ ਕੱਢ ਕੇ ਉਸ ਦੇ ਸਿਰ 'ਤੇ ਮਾਰ ਦਿੱਤੀ ਅਤੇ ਖੁਦ ਕਾਰ 'ਚ ਸਵਾਰ ਹੋ ਮੌਕੇ ਤੋਂ ਫ਼ਰਾਰ ਹੋ ਗਿਆ।

ਪਰਮਿੰਦਰ ਨੇ ਦੱਸਿਆ ਕਿ ਇਸ ਦੇ ਬਾਅਦ ਉਹ ਜ਼ਖਮੀ ਹਾਲਤ 'ਚ ਆਪਣੇ ਘਰ ਪਹੁੰਚਿਆ ਅਤੇ ਘਟਨਾ ਸਬੰਧੀ ਆਪਣੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ। ਜਿਸ ਦੇ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਸ ਦੇ ਨਾਲ ਝਗੜਾ ਕਰਨ ਵਾਲਾ ਕਾਰ ਸਵਾਰ ਵਿਅਕਤੀ ਸ਼ਮਸ਼ਾਨਘਾਟ ਰੋਡ ਇਲਾਕੇ 'ਚ ਰਹਿੰਦਾ ਹੈ। ਪਰ ਉਹ ਉਸ ਦਾ ਨਾਂਅ ਨਹੀਂ ਜਾਣਦਾ ਹੈ।

ਥਾਣਾ ਸਿਟੀ ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ 'ਚ ਜ਼ਖਮੀ ਵਿਅਕਤੀ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।