2873 ਕੈਂਸਰ ਮਰੀਜਾਂ ਨੂੰ ਇਲਾਜ ਵਜੋਂ 30.45 ਕਰੋੜ ਦੀ ਸਹਾਇਤਾ ਮੁਹੱਈਆ ਕਰਵਾਈ

Last Updated: Jan 14 2018 14:46

ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ ਕੈਂਸਰ ਦੇ ਰੋਗੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਯੋਜਨਾ ਤਹਿਤ ਸੰਗਰੂਰ ਵਿੱਚ ਜੂਨ 2011 ਤੋਂ ਲੈਕੇ ਸਾਲ 2017 ਤੱਕ 2873 ਮਰੀਜਾਂ ਨੂੰ 30 ਕਰੋੜ 45 ਲੱਖ 62 ਹਜ਼ਾਰ 856 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਸਾਲ 2011 ਤੋਂ ਦਸੰਬਰ 2012 ਤੱਕ 412, ਸਾਲ 2013 ਵਿੱਚ 334, ਸਾਲ 2014 ਵਿੱਚ 373, ਸਾਲ 2015 ਵਿੱਚ 473, ਸਾਲ 2016 ਵਿੱਚ 758, ਸਾਲ 2017 ਵਿੱਚ 523 ਕੈਂਸਰ ਪੀੜਤ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਕੈਂਸਰ ਪੀੜਤ ਵਿਅਕਤੀ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਤਹਿਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਹ ਰਾਸ਼ੀ ਜਿੱਥੇ ਮਰੀਜ਼ ਦਾ ਇਲਾਜ ਚੱਲ ਰਿਹਾ ਹੋਵੇ, ਉਸੇ ਹਸਪਤਾਲ ਦੇ ਖਾਤੇ ਵਿੱਚ ਜਮਾਂ ਹੁੰਦੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ ਨੇ ਦੱਸਿਆ ਕਿ ਇਸ ਯੋਜਨਾ ਦੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਦੇ ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਸਿਵਲ ਸਰਜਨ ਸੰਗਰੂਰ ਦੇ ਕਮਰਾ ਨੰਬਰ 412 ਵਿਖੇ ਵੀ ਯੋਜਨਾ ਦੀ ਸਮੁੱਚੀ ਜਾਣਕਾਰੀ ਅਤੇ ਬਿਨੇ ਫਾਰਮ ਪ੍ਰਾਪਤ ਕੀਤੇ ਜਾ ਸਕਦੇ ਹਨ। ਡਾ. ਬਾਲੀ ਨੇ ਦੱਸਿਆ ਕਿ ਛਾਤੀ ਵਿੱਚ ਦਰਦ ਕਰਨ ਵਾਲੀ ਵੱਧਦੀ ਹੋਈ ਗਿਲਟੀ, ਮਾਹਵਾਰੀ ਵਿੱਚ ਖੂਨ ਜ਼ਿਆਦਾ ਪੈਣਾ ਅਤੇ ਮਾਹਵਾਰੀ ਤੋਂ ਇਲਾਵਾ ਖੂਨ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ, ਪਿਸ਼ਾਬ ਵਾਲੀ ਥਾਂ ਤੋਂ ਪਿਸ਼ਾਬ ਦੀ ਥਾਂ ਖੂਨ ਆਉਣਾ, ਭੁੱਖ ਨਾ ਲੱਗਣਾ ਅਤੇ ਲਗਾਤਾਰ ਵਜ਼ਨ ਦਾ ਘੱਟ ਹੋਣਾ, ਪਾਚਨ ਸ਼ਕਤੀ ਅਤੇ ਪਖਾਨਾ ਕਿਰਿਆ ਵਿੱਚ ਅਚਾਨਕ ਬਦਲਾਓ ਆਉਣਾ, ਬਿਨਾਂ ਕਾਰਨ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਨਾ ਕੈਂਸਰ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੜਕੀ ਦਾ ਛੋਟੀ ਉਮਰ ਵਿੱਚ ਵਿਆਹ ਹੋਣ, ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਨਾ ਪਿਆਉਣਾ, ਔਰਤਾਂ ਦਾ ਪਹਿਲਾ ਬੱਚਾ ਵੱਡੀ ਉਮਰ ਵਿੱਚ ਹੋਣਾ, ਖਾਣ ਵਾਲੀਆਂ ਚੀਜ਼ਾਂ 'ਤੇ ਕੀਟਨਾਸ਼ਕ ਦਵਾਈਆਂ ਦਾ ਜ਼ਿਆਦਾ ਛਿੜਕਾਓ ਕਰਨਾ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਕਰਨਾ ਅਤੇ ਪਰਿਵਾਰ ਵਿੱਚ ਕਿਸੇ ਜੀਅ ਨੂੰ ਕੈਂਸਰ ਹੋਣਾ ਆਦਿ ਕੈਂਸਰ ਦੇ ਵਧਣ ਦੇ ਆਮ ਕਾਰਨ ਹਨ। ਉਨ੍ਹਾਂ ਦੱਸਿਆ ਕਿ 35 ਸਾਲ ਦੀ ਉਮਰ ਤੋਂ ਬਾਅਦ ਹਰ ਔਰਤ ਨੂੰ ਆਪਣੀ ਮੈਡੀਕਲ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ।