ਦੁਕਾਨਾਂ ਨੂੰ ਅੱਗ ਲਗਾਉਣ 'ਤੇ ਮਾਲਕਾਂ ਨੂੰ ਮਾਰਨ ਵਾਲੇ 7 ਮਹੀਨੇ ਬਾਅਦ ਵੀ ਪੁਲਿਸ ਨੇ ਨਾ ਫੜੇ ਦੋਸ਼ੀ..!!!

Gurpreet Singh Josan
Last Updated: Jan 14 2018 14:39

ਹਲਕਾ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਛਾਂਗਾ ਰਾਏ ਉਤਾੜ ਵਿਖੇ ਕੁਝ ਹਮਲਾਵਰਾਂ ਨੇ ਹਰਭਜਨ ਸਿੰਘ ਪੁੱਤਰ ਜਗਤ ਸਿੰਘ ਦੀ ਦੁਕਾਨਾਂ ਨੂੰ 16 ਮਈ 2017 ਨੂੰ ਅੱਗ ਲਗਾ ਸਾੜ ਦੇਣ ਉਪਰੰਤ ਘਰ ਦਾਖਲ ਹੋ ਮੁੱਦਈ ਦੀ ਮਾਂ ਦੇ ਵੀ ਸੱਟਾਂ ਮਾਰੀਆਂ ਸਨ। ਇਲਾਜ ਦੌਰਾਨ ਕਰੀਬ ਡੇਢ ਮਹੀਨੇ ਬਾਅਦ ਬਜ਼ੁਰਗ ਮਾਈ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋ ਸਵਾਸ ਤਿਆਗ ਗਏ ਸਨ। ਪੁਲਿਸ ਨੇ 17 ਮਈ 2017 ਨੂੰ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ, ਪਰ 8 ਮਹੀਨੇ ਬੀਤਣ ਦੇ ਬਾਅਦ ਵੀ ਹਮਲਾਵਰਾਂ ਨੂੰ ਨਹੀਂ ਫੜਿਆ ਅਤੇ 90 ਦਿਨਾਂ ਦੇ ਅੰਦਰ ਪੇਸ਼ ਕੀਤੇ ਜਾਣ ਵਾਲਾ ਚਲਾਨ ਵੀ 8 ਮਹੀਨੇ ਦੇ ਕਰੀਬ ਸਮਾਂ ਬੀਤ ਜਾਣ 'ਤੇ ਵੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇਨਸਾਫ਼ ਲੈਣ ਲਈ ਹਾਈਕੋਰਟ ਅੰਦਰ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ। ਮਾਣਯੋਗ ਹਾਈਕੋਰਟ ਵੱਲੋਂ ਜਾਰੀ ਨੋਟਿਸ ਨੂੰ ਵੀ ਸਬੰਧਿਤ ਪੁਲਿਸ ਨੇ ਟਿੱਚ ਕਰ ਛੱਡਿਆ ਹੈ। ਇਨਸਾਫ਼ ਲੈਣ ਲਈ ਡੀ.ਜੀ.ਪੀ. ਪੰਜਾਬ, ਆਈ.ਜੀ. ਬਠਿੰਡਾ, ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਆਦਿ ਉੱਚ ਅਧਿਕਾਰੀਆਂ ਨੂੰ ਲਿਖਤੀ ਫ਼ਰਿਆਦ ਕਰ ਚੁੱਕੇ ਪੀੜਤ ਹਰਭਜਨ ਸਿੰਘ ਨੇ ਸੀਨੀਅਰ ਪੁਲਿਸ ਕਪਤਾਨ ਫ਼ਿਰੋਜ਼ਪੁਰ ਨੂੰ ਲਿਖਤੀ ਅਰਜ਼ੀ ਭੇਜ ਕੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਭਜਨ ਸਿੰਘ ਵੱਲੋਂ ਦਿੱਤੀ ਗਈ ਦਰਖਾਸਤ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।