ਪੰਜਾਬ ਵਕਫ ਬੋਰਡ ਵੱਲੋਂ ਆਪਣੇ ਸਕੂਲਾਂ 'ਚ ਕ੍ਰਾਂਤੀਕਾਰੀ ਤਬਦੀਲੀਆਂ ਸ਼ੁਰੂ

Last Updated: Jan 14 2018 14:44

ਪੰਜਾਬ ਵਕਫ ਬੋਰਡ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਅੰਦਰ ਸਿੱਖਿਆ ਦੇ ਮਿਆਰ ਨੂੰ ਮੌਜੂਦਾ ਸਮੇਂ ਦਾ ਹਾਣੀ ਬਣਾਉਣ ਦੇ ਨਾਲ-ਨਾਲ ਇਨ੍ਹਾਂ ਸਕੂਲਾਂ 'ਚ ਸਿੱਖਿਆ ਹਾਸਲ ਕਰ ਰਹੇ ਬੱਚਿਆਂ ਅੰਦਰ ਕੰਪੀਟੀਸ਼ਨ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਪੰਜਾਬ ਵਕਫ ਬੋਰਡ ਵੱਲੋਂ ਹੁਣ ਆਪਣੇ ਵਿੱਦਿਅਕ ਅਦਾਰਿਆਂ 'ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦਾ ਮੁੱਢ ਬੰਨ ਦਿੱਤਾ ਗਿਆ ਹੈ। ਬੋਰਡ ਵੱਲੋਂ ਚਲਾਏ ਜਾ ਰਹੇ ਵਕਫ ਕੈਰੀਅਰ ਐਂਡ ਗਾਈਡੈਂਸ ਸੈਂਟਰ ਦੀ ਕੌਂਸਲਰ ਮੈਡਮ ਸ਼ਬਾਨਾਂ ਵੱਲੋਂ ਇਸ ਮੁਹਿੰਮ ਤਹਿਤ ਬੋਰਡ ਅਧੀਨ ਚੱਲਦੇ ਸਮੂਹ ਸਕੂਲਾਂ ਵਿੱਚੋਂ 10 ਅਜਿਹੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ ਆਲ ਇੰਡੀਆ ਸੈਨਿਕ ਸਕੂਲਜ਼ ਐਂਟਰੈਂਨਸ ਪ੍ਰੀਖਿਆ 2018-19 ਲਈ ਤਿਆਰ ਕੀਤਾ ਗਿਆ ਹੈ। 

ਬੋਰਡ ਦੇ ਸਕੂਲਾਂ 'ਚ ਪਹਿਲੀ ਵਾਰ ਕੀਤੇ ਗਏ ਇਸ ਉਪਰਾਲੇ ਪ੍ਰਤੀ ਸੈਂਟਰ ਦੀ ਕੌਂਸਲਰ ਮੈਡਮ ਸ਼ਬਾਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਖਾਨ ਅਤੇ ਬੋਰਡ ਦੇ ਸੀ.ਈ.ਓ ਲਤੀਫ ਅਹਿਮਦ ਥਿੰਦ ਵੱਲੋਂ ਬੋਰਡ ਦੇ ਸਕੂਲਾਂ ਦੀ ਸਿੱਖਿਆ ਦੇ ਮਿਆਰ ਨੂੰ ਮੌਜੂਦਾ ਸਮੇਂ ਦਾ ਹਾਣੀ ਬਣਾਉਣ ਲਈ ਪਿਛਲੇ ਕੁਝ ਸਮੇਂ ਤੋਂ ਕਈ ਇਤਿਹਾਸਕ ਉਪਰਾਲੇ ਕਰਨ ਦੇ ਨਾਲ-ਨਾਲ ਕਈ ਲਾਭਕਾਰੀ ਸਕੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਅੰਦਰ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੋ ਸਕੇ ਅਤੇ ਉਹ ਸਮੇਂ ਦੇ ਕਦਮ ਨਾਲ ਕਦਮ ਮਿਲਾਉਂਦੇ ਹੋਏ ਆਪਣੀ ਮਿਹਨਤ ਤੇ ਲਗਨ ਨਾਲ ਅੱਗੇ ਵੱਧ ਸੱਕਣ ਤੇ ਚੰਗੀ ਉੱਚ ਵਿੱਦਿਆ ਹਾਸਲ ਕਰਕੇ ਸਿੱਖਿਆ ਦੇ ਖੇਤਰ 'ਚ ਨਵੇਂ ਮੀਲ ਪੱਥਰ ਸਥਾਪਿਤ ਕਰਦੇ ਹੋਏ ਆਪਣਾ ਅਤੇ ਬੋਰਡ ਦਾ ਨਾਮ ਰੋਸ਼ਨ ਕਰਨ। ਮੈਡਮ ਸ਼ਬਾਨਾਂ ਨੇ ਇਸ ਕਾਰਜ ਦੀ ਸਫਲਤਾ ਲਈ ਸਕੂਲ ਪ੍ਰਿੰਸੀਪਲਜ਼ ਅਤੇ ਸਟਾਫ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬ੍ਰਾਂਚ ਨੰਬਰ-1 ਦੇ ਇੰਚਾਰਜ਼ ਜਾਵੇਦ ਨਜ਼ੀਰ ਵੀ ਹਾਜ਼ਰ ਸਨ।