ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡਾਂ 'ਚ ਸੰਘਰਸ਼ ਦਾ ਐਲਾਨ.!!!

Gurpreet Singh Josan
Last Updated: Jan 14 2018 13:45

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਤਹਿਸੀਲ ਗੁਰੂਹਰਸਹਾਏ ਦੇ ਪਿੰਡਾਂ ਸੈਦੇ ਕੇ ਨੋਲ ਖੰਭਾ, ਚਪਾਤੀ, ਗੁੰਦੜ ਢੰਡੀ, ਵਿਰਕ ਖੁਰਦ ਅਤੇ ਸਾਹਨ ਕੇ ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ ਸਮੁੱਚਾ ਕਰਜ਼ਾ ਮੁਆਫ਼ੀ ਤੋਂ ਕਥਿਤ ਰੂਪ ਵਿੱਚ ਮੁੱਕਰਣ ਵਾਲੀ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੇ ਨਾਮ ਤੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਲਗਾਉਣ ਦੀ ਕੀਤੀ ਜਾ ਰਹੀ ਕਥਿਤ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸਾਹਿਬ ਸਿੰਘ ਦੀਨੇ ਕੇ, ਧਰਮ ਸਿੰਘ ਲਾਲਚੀਆਂ, ਨਿਰਮਲ ਸਿੰਘ ਜੁਤਾਲਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੈਪਟਨ ਸਰਕਾਰ ਨੇ ਮਾਨਸਾ ਵਿੱਚ ਕਰਜ਼ਾ ਮੁਆਫ਼ੀ ਦਾ ਡਰਾਮਾ ਕਰਦਿਆਂ ਸਿਰਫ਼ 46 ਹਜ਼ਾਰ ਕਿਸਾਨਾਂ ਦਾ 167 ਕਰੋੜ ਦਾ ਕਰਜ਼ਾ ਮੁਆਫ਼ ਕਰਕੇ ਸਿਰਫ਼ 1 ਫ਼ੀਸਦੀ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਦੂਜੇ ਪਾਸੇ ਕਿਸਾਨਾਂ ਦੀਆਂ ਫ਼ਸਲਾਂ ਤੇ 2 ਫ਼ੀਸਦੀ ਹੋਰ ਟੈਕਸ ਲਗਾ ਕੇ 900 ਕਰੋੜ ਰੁਪਏ ਦਾ ਵਾਧੂ ਬੋਝ ਪਾ ਦਿੱਤਾ ਹੈ।

ਇਸ ਮੌਕੇ ਜੱਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਕਿਸੇ ਵੀ ਬੈਂਕ ਅਧਿਕਾਰੀ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ ਅਤੇ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਕੈਪਟਨ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਿਕ ਕਿਸਾਨਾਂ ਦੇ ਸਾਰੇ ਕਰਜ਼ੇ ਬਿਨਾਂ ਸ਼ਰਤ ਮੁਆਫ਼ ਕਰੇ ਨਹੀਂ ਤਾਂ ਸਾਰੇ ਪੰਜਾਬ ਵਿੱਚ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਖੰਭਾ, ਗੁਰਚਰਨ ਸਿੰਘ, ਹਰਪਾਲ ਸਿੰਘ, ਜਸਵਿੰਦਰ ਸਿੰਘ ਵਿਰਕ ਖੁਰਦ, ਗੁਰਮੇਲ ਸਿੰਘ ਚੱਪਾ ਅੜਿੱਕੀ, ਬਲਵਿੰਦਰ ਸਿੰਘ ਸਾਹਨ ਕੇ ਆਦਿ ਨੇ ਵੀ ਸੰਬੋਧਨ ਕੀਤਾ।