ਸਾਬਕਾ ਅਕਾਲੀ ਵਿਧਾਇਕ ਜਿੰਦੂ ਦੇ ਦੋਵੇਂ ਲੜਕੇ 2 ਦਿਨ ਦੇ ਪੁਲਿਸ ਰਿਮਾਂਡ 'ਤੇ.!!!

Gurpreet Singh Josan
Last Updated: Jan 14 2018 13:17

ਫਿਰੋਜ਼ਪੁਰ ਛਾਉਣੀ ਬੋਰਡ ਦੇ ਭਾਜਪਾਈ ਮੈਂਬਰ ਜੋਰਾ ਸਿੰਘ ਸੰਧੂ ਦੇ ਕਕਾਰਾਂ ਦੀ ਬੇਅਦਬੀ ਦੇ ਦੋਸ਼ਾਂ ਵਿੱਚ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਵੇਂ ਲੜਕਿਆਂ ਕੰਨਟੋਨਮੈਂਟ ਬੋਰਡ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਮੈਂਬਰ ਕੰਨਟੋਨਮੈਂਟ ਬੋਰਡ ਵਿਰੁੱਧ 7 ਮਹੀਨੇ ਪਹਿਲੋਂ ਥਾਣਾ ਕੈਂਟ ਫ਼ਿਰੋਜ਼ਪੁਰ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ। ਸੈਸ਼ਨ ਕੋਰਟ ਤੋਂ ਲੈ ਕੇ ਹਾਈਕੋਰਟ ਤੱਕ ਪੇਸ਼ਗੀ ਜ਼ਮਾਨਤਾਂ ਦੇ ਰਾਹ ਬੰਦ ਹੋਣ ਉਪਰੰਤ ਸ਼ੁੱਕਰਵਾਰ ਨੂੰ ਸੈਂਕੜੇ ਸਮਰਥਕਾਂ ਸਮੇਤ ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਨੇ ਥਾਣਾ ਕੈਂਟ ਵਿਖੇ ਆਤਮ ਸਮਰਪਣ ਕੀਤਾ ਸੀ। ਉੱਚ ਪੁਲਿਸ ਅਧਿਕਾਰੀਆਂ ਦੀ ਤਫ਼ਤੀਸ਼ ਉਪਰੰਤ ਪੁਲਿਸ ਨੇ ਦਰਜ ਮਾਮਲੇ ਵਿੱਚੋਂ ਕੁਝ ਧਾਰਾਵਾਂ ਦੀ ਘਾਟ ਕਰਦੇ ਹੋਏ ਇਕੱਲੇ ਕਕਾਰਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਦੋਵਾਂ ਦੀ ਗ੍ਰਿਫ਼ਤਾਰੀ ਪਾ ਦਿੱਤੀ।

ਲੋਹੜੀ ਦੀ ਕੋਰਟਾਂ ਵਿੱਚ ਛੁੱਟੀ ਹੋਣ ਦੇ ਚੱਲਦੇ ਥਾਣਾ ਕੈਂਟ ਦੇ ਮੁਖੀ ਨਵੀਨ ਸ਼ਰਮਾ ਨੇ ਸਖਤ ਪੁਲਿਸ ਪ੍ਰਬੰਧਾਂ ਹੇਠ ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਨੂੰ ਡਿਊਟੀ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਦੀਪਾਲ ਸਿੰਘ ਛੀਨਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਜੋਰਾ ਸਿੰਘ ਸੰਧੂ ਵੱਲੋਂ ਪੇਸ਼ ਵਕੀਲਾਂ ਸੁਰਿੰਦਰ ਪਾਲ ਸਿੰਘ ਸਿੱਧੂ, ਬਸੰਤ ਲਾਲ ਮਲਹੋਤਰਾ ਅਤੇ ਸਰਕਾਰੀ ਵਕੀਲ ਮੈਡਮ ਟੀਨਾ ਨੇ 5 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕਰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਅਣਪਛਾਤੇ ਮੁਲਜ਼ਮ ਵੀ ਹਨ, ਜਿਨ੍ਹਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਰਿਮਾਂਡ ਜ਼ਰੂਰੀ ਹੈ, ਜਦਕਿ ਸਫ਼ਾਈ ਧਿਰ ਦੇ ਵਕੀਲਾਂ ਨੇ ਦਰਜ ਮਾਮਲੇ ਨੂੰ ਸਿਆਸੀ ਦੁਸ਼ਮਣੀ ਦੱਸਿਆ ਸੀ। ਦੋਵਾਂ ਧਿਰਾਂ ਦੀ ਹੋਈ ਲੰਮੀ ਬਹਿਸ ਉਪਰੰਤ ਜੱਜ ਦੀਪਾਲ ਸਿੰਘ ਨੇ ਪੁੱਛਗਿੱਛ ਵਾਸਤੇ ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ।