ਬੱਚੇ ਨੂੰ ਅਗਵਾ ਕਰ ਕਤਲ ਕਰਨ ਵਾਲਾ ਆਰੋਪੀ ਪੁਲਿਸ ਹਿਰਾਸਤ 'ਚੋਂ ਫਰਾਰ

Last Updated: Jan 14 2018 13:00

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੁਰਾਈਵਾਲਾ ਦੇ ਵਿੱਚ ਇੱਕ 14 ਸਾਲ ਦੇ ਬੱਚੇ ਨੂੰ ਅਗਵਾ ਕਰ ਕਤਲ ਕਰਨ ਵਾਲਾ ਆਰੋਪੀ ਗਿੱਦੜਬਾਹਾ ਪੁਲਿਸ ਦੀ ਗ੍ਰਿਫ਼ਤ 'ਚੋਂ ਫਰਾਰ ਹੋ ਗਿਆ ਹੈ। ਆਰੋਪੀ ਦੀ ਪਹਿਚਾਣ ਸੋਨੀ ਸਿੰਘ ਵਜੋਂ ਹੋਈ ਹੈ ਜਿਸਨੂੰ ਕਿ ਪੁਲਿਸ ਵੱਲੋਂ ਬੱਚੇ ਸੁਰਿੰਦਰ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ ਕਾਬੂ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਵਿੱਚ ਕੁੱਲ ਪੰਜ ਪੁਲਿਸ ਵਾਲਿਆਂ ਖ਼ਿਲਾਫ਼ ਕੁਤਾਹੀ ਵਰਤਣ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਦੋ ਮੁਲਾਜ਼ਮਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਜਦਕਿ ਤਿੰਨ ਹੋਰ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੋਨੀ ਸਿੰਘ ਵੱਲੋਂ ਬੀਤੇ ਐਤਵਾਰ ਆਪਣੀ ਹੀ ਮਾਸੀ ਦੇ 14 ਸਾਲ ਦੇ ਲੜਕੇ ਨੂੰ ਅਗਵਾ ਕਰ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰ ਉਸਨੂੰ ਨਹਿਰ ਵਿੱਚ ਸੁੱਟ ਕਤਲ ਕਰ ਦਿੱਤਾ ਸੀ। ਪੁਲਿਸ ਵੱਲੋਂ ਹੁਣ ਤੱਕ ਵੀ ਬੱਚੇ ਦੀ ਲਾਸ਼ ਦੀ ਭਾਲ ਜਾਰੀ ਹੈ ਜਦਕਿ ਆਰੋਪੀ ਸੋਨੀ ਸਿੰਘ ਪੁਲਿਸ ਹਿਰਾਸਤ ਅਤੇ ਰਿਮਾਂਡ ਵਿੱਚੋਂ ਫਰਾਰ ਹੋ ਗਿਆ ਹੈ।