ਅਕਾਲੀ 15 ਨੂੰ ਘੇਰਨਗੇ ਮੁੱਖ ਮੰਤਰੀ ਦਾ ਮੋਤੀ ਮਹਿਲ.!!!

Last Updated: Jan 14 2018 12:48

ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਆਪਣੇ ਵਰਕਰਾਂ ਨੂੰ ਅਕਾਲੀ ਦਲ ਵਾਲਿਆਂ ਦੇ ਕਤਲਾਂ ਲਈ ਉਕਸਾਉਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਜਿਸਦੇ ਚੱਲਦਿਆਂ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਧਰਨੇ 'ਤੇ ਬੈਠਣ ਦਾ ਐਲਾਨ ਕਰਨ ਦੇ ਬਾਅਦ ਜ਼ਿਲ੍ਹਾ ਪਟਿਆਲਾ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਮੋਤੀ ਮਹਿਲ ਘੇਰਨ ਦਾ ਐਲਾਨ ਕਰ ਦਿੱਤਾ ਹੈ।

ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਇੱਕ ਜਨਤਕ ਰੈਲੀ ਵਿੱਚ ਐਲਾਨ ਕੀਤਾ ਕਿ ਅਕਾਲੀ ਦਲ ਦੇ ਹਜ਼ਾਰਾਂ ਹੀ ਵਰਕਰ 15 ਜਨਵਰੀ ਨੂੰ ਦੁਪਹਿਰ 11.00 ਤੋਂ 3.00 ਵਜੇ ਤੱਕ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਕੇ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਖ਼ਿਲਾਫ਼ ਪਰਚਾ ਦਰਜ ਕੀਤੇ ਜਾਣ ਦੀ ਮੰਗ ਕਰਨਗੇ।

ਚੰਦੂਮਾਜਰਾ ਨੇ ਕਿਹਾ ਜੇਕਰ ਸਰਕਾਰ ਨੇ ਹੈਰੀਮਾਨ ਦੇ ਖ਼ਿਲਾਫ਼ ਕੋਈ ਸਖਤ ਐਕਸ਼ਨ ਨਾ ਲਿਆ ਤਾਂ ਗੱਲ ਨੂੰ ਜਨਤਾ ਦੀ ਕਚਹਿਰੀ ਅਤੇ ਫਿਰ ਮਾਣਯੋਗ ਅਦਾਲਤ ਵਿੱਚ ਲਿਜਾਇਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸਮੁੱਚੀ ਜ਼ਿਲ੍ਹਾ ਜੱਥੇਬੰਦੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦੇ ਨਾਲ ਚਟਾਨ ਵਾਂਗ ਖੜੇਗੀ।

ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਨੌਰ ਹਲਕਾ ਉਨ੍ਹਾਂ ਦਾ ਪਰਿਵਾਰ ਹੈ ਅਤੇ ਚੰਦ ਦਿਨ ਪਹਿਲਾਂ ਆਇਆ ਕੋਈ ਵਿਅਕਤੀ ਜੇਕਰ ਇੱਥੋਂ ਦੇ ਲੋਕਾਂ ਦੀ ਸਦੀਆਂ ਪੁਰਾਣੇ ਆਪਸੀ ਭਾਈਚਾਰੇ ਨੂੰ ਤੋੜ ਕੇ ਲੋਕਾਂ ਵਿੱਚ ਫੁੱਟ ਪਾਉਣ ਦਾ ਯਤਨ ਕਰੇਗਾ ਤਾਂ ਅਕਾਲੀ ਦਲ ਇਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ 'ਤੇ ਜੱਥੇਦਾਰ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਐਸ.ਜੀ.ਪੀ.ਸੀ. ਮੈਂਬਰ ਸੁਰਜੀਤ ਸਿੰਘ ਗੜੀ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਹੋਰ ਵੀ ਕਈ ਸੀਨੀਅਰ ਅਕਾਲੀ ਆਗੂ ਹਾਜ਼ਰ ਸਨ।