ਜੈਤੋ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਦੇ ਮਾਮਲੇ 'ਚ ਹਾਈਕੋਰਟ ਨੇ ਵਿਖਾਇਆ ਸਖਤ ਰਵੱਈਆ

Last Updated: Jan 14 2018 12:19

7 ਸਾਲ ਪਹਿਲਾਂ ਦੇ ਮਾਮਲੇ ਨੂੰ ਫਿਰ ਤੋਂ ਸ਼ੁਰੂ ਕੀਤੇ ਜਾਣ ਲਈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਫਰੀਦਕੋਟ ਦੇ ਐਸ.ਐਸ.ਪੀ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਵਿੱਚ ਪਹਿਲਾਂ ਹੀ ਅਦਾਲਤ ਵਿੱਚ ਫੈਸਲਾ ਹੋ ਚੁੱਕਣ ਦੇ ਕਾਰਨ ਦੁਬਾਰਾ ਨਵੇਂ ਸਿਰੇ ਤੋਂ ਮਾਮਲੇ ਦੀ ਜਾਂਚ ਕੀਤੇ ਜਾਣ ਉਪਰੰਤ ਪੁਲਿਸ ਵੱਲੋਂ ਨਵੇਂ ਸਿਰੇ ਤੋਂ ਉਪ ਪ੍ਰਧਾਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਕੀਤੀ ਗਈ ਕਾਰਵਾਈ ਤੇ ਸਵਾਲੀਆਂ ਨਿਸ਼ਾਨ ਲਗਾਉਂਦੇ ਹੋਏ ਫਰੀਦਕੋਟ ਦੇ ਐਸ.ਐਸ.ਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਦੀ ਸੁਣਵਾਈ ਲਈ ਅਦਾਲਤ ਨੇ 18 ਜਨਵਰੀ ਦੀ ਤਾਰੀਖ ਨਿਸ਼ਚਿਤ ਕੀਤੀ ਹੈ। ਇਸਦੇ ਨਾਲ ਹੀ ਮਾਨਯੋਗ ਅਦਾਲਤ ਨੇ ਡੀ.ਐਸ.ਪੀ ਜੈਤੋ, ਐਸ.ਐਚ.ਓ ਜੈਤੋ ਅਤੇ ਸਾਬਕਾ ਕੌਂਸਲਰ ਨੂੰ ਵੀ ਤਲੱਬ ਕੀਤਾ ਹੈ।

ਜਾਣਕਾਰੀ ਦੇ ਅਨੁਸਾਰ ਜੈਤੋ ਸਾਬਕਾ ਪ੍ਰਧਾਨ ਪ੍ਰਦੀਪ ਸਿੰਗਲਾ ਤੇ ਜੈਤੋ ਪੁਲਿਸ ਨੇ 7 ਸਾਲ ਪਹਿਲਾਂ ਦੇ ਇੱਕ ਮਾਮਲੇ ਵਿੱਚ ਜਾਂਚ ਕਰਕੇ ਤੁਰੰਤ ਮੁਕੱਦਮਾ ਦਰਜ ਕਰਕੇ ਬੀਤੇ ਨਵੰਬਰ ਦੇ ਮਹੀਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੱਤ ਸਾਲ ਪਹਿਲਾਂ ਇੱਕ ਮਹਿਲਾ ਕੌਂਸਲਰ ਨੂੰ ਜਾਤੀ ਪ੍ਰਤੀ ਅਪਸ਼ਬਦ ਬੋਲਣ ਅਤੇ ਉਸਨੂੰ ਨਗਰ ਕੌਂਸਲ ਜੈਤੋ ਦੀ ਉਪ ਪ੍ਰਧਾਨ ਦੇ ਅਹੁਦੇ ਚੋਣ ਵਿੱਚ ਹਿੱਸਾ ਨਾ ਲੈਣ-ਦੇਣ ਦੇ ਦੋਸ਼ਾਂ ਤਹਿਤ ਸਿੰਗਲਾ ਤੇ ਲਗਾਏ ਗਏ ਦੋਸ਼ਾਂ ਦੀ ਪੜਤਾਲ ਹੁਣ ਖਤਮ ਹੋਈ ਅਤੇ ਮੁਕੱਦਮਾ ਦਰਜ ਕੀਤਾ ਗਿਆ, ਜਿਸ ਲਈ ਸਿੰਗਲਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਅਤੇ ਕਰੀਬ ਦੋ ਮਹੀਨੇ ਬਾਅਦ ਹੀ ਉਹ ਜ਼ਮਾਨਤ ਤੇ ਬਾਹਰ ਆ ਸਕੇ। ਜਦ ਕਿ ਇਹ ਮਾਮਲਾ ਪਹਿਲਾਂ ਹੀ ਜੈਤੋ ਦੀ ਅਦਾਲਤ ਵੱਲੋਂ ਨਿਪਟਾਇਆ ਗਿਆ ਹੈ। ਇਸ ਸਭ ਲਈ ਹੁਣ ਐਸ.ਐਸ.ਪੀ ਫਰੀਦਕੋਟ ਹਾਈਕੋਰਟ ਨੂੰ ਜੁਆਬ ਦੇਣਗੇ ਅਤੇ ਉਨ੍ਹਾਂ ਦੇ ਅਧਿਕਾਰੀ ਵੀ ਇਸ ਲਈ ਜ਼ਿੰਮੇਵਾਰ ਬਣਾਏ ਗਏ ਹਨ।