ਲੋਹੜੀ ਵਾਲੀ ਰਾਤ ਪਰਵਾਸੀ ਔਰਤ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ

Last Updated: Jan 14 2018 11:59

ਲੋਹੜੀ ਵਾਲੀ ਰਾਤ ਪਟਿਆਲਾ ਦੇ ਜੁਝਾਰ ਨਗਰ ਵਿੱਚ ਰਹਿਣ ਵਾਲੀ ਇੱਕ ਪਰਵਾਸੀ ਔਰਤ ਵੱਲੋਂ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ। ਆਤਮਹੱਤਿਆ ਕਰਨ ਵਾਲੀ ਔਰਤ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਜ਼ਮਗੜ ਨਿਵਾਸੀ 20 ਸਾਲਾਂ ਬਬਲੀ ਪਤਨੀ ਲਾਲੀ ਦੇ ਤੌਰ ਤੇ ਹੋਈ ਹੈ। ਬਬਲੀ ਦਾ ਮਹਿਜ਼ ਇੱਕ ਸਾਲ ਪਹਿਲਾਂ ਹੀ ਲਾਲੀ ਨਾਲ ਵਿਆਹ ਹੋਇਆ ਸੀ। ਬਬਲੀ ਵੱਲੋਂ ਆਤਮਹੱਤਿਆ ਕਰ ਲੈਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਸੀ ਮਿਲ ਸਕੀ।

ਥਾਣਾ ਅਰਬਨ ਐਸਟੇਟ ਪੁਲਿਸ ਨੇ ਬਬਲੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸਦੇ ਪਰਿਵਾਰ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਅਗਲੀ ਕਾਰਵਾਈ ਬਬਲੀ ਦੇ ਪੇਕਿਆਂ ਦੇ ਆਉਣ ਦੇ ਬਾਅਦ ਹੀ ਅਮਲ ਵਿੱਚ ਲਿਆਉਂਦੀ ਜਾਵੇਗੀ। ਸਬ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਮੰਨੀਏ ਤਾਂ ਹੁਣ ਤੱਕ ਦੀ ਜਾਂਚ ਦੇ ਦੌਰਾਨ ਇਹ ਗੱਲ ਖੁੱਲ ਕੇ ਸਾਹਮਣੇ ਆਈ ਹੈ ਕਿ ਬਬਬੀ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਆਤਮਹੱਤਿਆ ਕਰਨ ਲਈ ਫਾਹਾ ਲੈ ਲਿਆ ਸੀ ਪਰ ਸਮਾਂ ਰਹਿੰਦਿਆਂ ਉਸ ਨੂੰ ਉਸਦੇ ਸਹੁਰਾ ਪਰਿਵਾਰ ਵਾਲਿਆਂ ਨੇ ਬਚਾ ਲਿਆ ਸੀ।

ਖਬਰ ਲਿਖੇ ਜਾਣ ਤੱਕ ਪੁਲਿਸ ਅਗਲੀ ਕਾਰਵਾਈ ਲਈ ਬਬਲੀ ਦੇ ਮਾਤਾ-ਪਿਤਾ ਅਤੇ ਹੋਰ ਸਕੇ ਸਬੰਧੀਆਂ ਦਾ ਇੰਤਜ਼ਾਰ ਕਰ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਫਿਲਹਾਲ ਰਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।