ਕਰਜ਼ੇ ਨੇ ਲਈ ਕਿਸਾਨ ਦੀ ਜਾਨ

Last Updated: Jan 14 2018 11:48

ਪੰਜਾਬ 'ਚ ਪਿਛਲੇ 1 ਦਸ਼ਕ ਤੋਂ ਜਿੰਨੀ ਕੁ ਹਾਲਤ ਕਿਸਾਨਾਂ ਦੀ ਖਰਾਬ ਹੋਈ ਹੈ ਉਨ੍ਹੀਂ ਕਿਸੀ ਦੀ ਵੀ ਨਹੀਂ ਹੋਈ। ਕਦੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਰੇਟ ਨਹੀਂ ਮਿਲਦਾ ਤਾਂ ਕਦੇ ਕੁਦਰਤ ਹੀ ਉਨ੍ਹਾਂ ਦੀ ਫਸਲਾਂ ਨਾਲ ਖਿਲਵਾੜ ਕਰਦੀ ਹੈ। ਇਹੋ ਜਿਹੇ ਕਾਰਨ ਹੋਰ ਵੀ ਬੜੇ ਹਨ ਪਰ ਮੁੱਖ ਮੰਤਰੀ ਪੰਜਾਬ ਵੱਲੋਂ ਕੁਝ ਗਿਣੇ ਚੁਣੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਫੈਸਲੇ ਨੇ ਕਿਸਾਨਾਂ ਦੇ ਦੁੱਖ ਨੂੰ ਹੋਰ ਵੀ ਵਧਾਉਣ ਦਾ ਕੰਮ ਕੀਤਾ ਹੈ। ਇਸੇ ਕੜੀ 'ਚ ਇੱਕ ਹੋਰ ਕਿਸਾਨ ਬੀਤੀ ਰਾਤ ਕਰਜ਼ਿਆਂ ਦੇ ਬੋਝ ਤਲੇ ਦੱਬ ਕੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ।

ਕੁਝ ਸਮੇਂ ਪਹਿਲਾਂ ਦੀ ਹੀ ਜੇ ਗੱਲ ਕਰੀਏ ਤਾਂ ਸੂਬੇ ਦੇ ਕਿਸਾਨ ਇੱਕ ਦੌਰ 'ਚ ਖੁਦਕੁਸ਼ੀਆਂ ਦੇ ਰਾਹ ਤੇ ਚੱਲ ਪਏ ਸੀ, ਜਿਸਨੂੰ ਬਹੁਤ ਮੁਸ਼ਕਿਲ ਨਾਲ ਰੋਕਿਆ ਗਿਆ। ਪਰ ਹੁਣ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਕਾਰਣ ਉਨ੍ਹਾਂ ਨੂੰ ਡਿਪ੍ਰੈਸ਼ਨ ਅਤੇ ਹਾਰਟ ਅਟੈਕ ਦੀਆਂ ਖਤਰਨਾਕ ਬਿਮਾਰੀਆਂ ਘੇਰ ਰਹੀਆਂ ਹਨ, ਜੋਕਿ ਇੱਕ ਹੋਰ ਚਿੰਤਾ ਦਾ ਵਿਸ਼ਾ ਹੈ। ਰਾਜਪੁਰਾ ਨੇੜੇ ਪਿੰਡ ਸ਼ੰਭੂ ਦੇ ਕਿਸਾਨ ਬਲਬੀਰ ਸਿੰਘ ਦੀ ਮੌਤ ਨੇ ਕਿਸਾਨਾਂ ਦੇ ਜ਼ਖਮਾਂ ਨੂੰ ਹੋਰ ਵੀ ਹਰਾ ਕਰ ਦਿੱਤਾ ਹੈ। ਮ੍ਰਿਤਕ ਕਿਸਾਨ ਦੇ ਭਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਬੀਰ ਸਿੰਘ 10 ਲੱਖ ਦੇ ਕਰਜ਼ੇ 'ਚ ਸੀ ਅਤੇ ਕੈਪਟਨ ਸਰਕਾਰ ਦੇ ਕਰਜ਼ਾ ਮੁਆਫੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਬਾਅਦ ਉਹ ਡਿਪ੍ਰੈਸ਼ਨ 'ਚ ਚਲਾ ਗਿਆ ਅਤੇ ਦਿਲ ਦੇ ਦੌਰੇ ਨੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ।