ਆਮ ਆਦਮੀ ਦਾ ਭਵਿੱਖ ਤੈਅ ਕਰਨਗੀਆਂ 2019 ਦੀਆਂ ਚੋਣਾਂ.!!! (ਭਾਗ ਚੌਥਾ)

Last Updated: Jan 14 2018 10:47

ਦੋਸਤੋ ਪਿਛਲੇ ਅੰਕਾਂ ਵਿੱਚ ਤੁਸੀਂ ਪੜ੍ਹਿਆ ਕਿ ਕਿਤੇ ਦਿੱਲੀ ਵਾਂਗ ਪੰਜਾਬ ਤੇ ਵੀ ਆਮ ਆਦਮੀ ਪਾਰਟੀ ਨਾ ਕਾਬਜ ਹੋ ਜਾਵੇ, ਇਹ ਸੋਚ ਕੇ ਕਿੰਝ ਆਪ ਵਿਰੋਧੀ ਆਪਸੀ ਵੈਰ ਭਾਵ ਖਤਮ ਕਰਕੇ ਇੱਕ ਜੁੱਟ ਹੋ ਗਏ। ਇਹਨਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਸਾਰੇ ਬਾਹੂਬਲੀਆਂ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਇੱਕ ਅਜਿਹਾ ਮਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਹੀਂ, ਪਾਕਿਸਤਾਨ ਦੀ ਆਈ.ਐੱਸ.ਆਈ. ਕੁੱਦ ਪਈ ਹੋਵੇ। 

ਮੁੱਕਦੀ ਗੱਲ ਦੋਹਾਂ ਪਾਰਟੀਆਂ ਨੇ ਇੱਕਜੁੱਟ ਹੋ ਕੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਇੱਕ ਤਰ੍ਹਾਂ ਨਾਲ ਖ਼ੁੱਲੀ ਜੰਗ ਦਾ ਐਲਾਨ ਕਰ ਦਿੱਤਾ। ਦੋਸ਼ ਹੈ ਕਿ ਉਸ ਵੇਲੇ ਹਾਲਾਤ ਇੱਥੋਂ ਤੱਕ ਚਿੰਤਾਜਨਕ ਬਣ ਗਏ ਸਨ ਕਿ ਸਿਆਸਤਦਾਨਾਂ ਦੇ ਇੱਕ ਖਾਸ ਵਰਗ ਨੇ ਪੰਜਾਬ ਦੇ ਮੀਡੀਆ ਤੇ ਵੀ ਆਪਣਾ ਕਬਜ਼ਾ ਕਰਕੇ ਉਸ ਨੂੰ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਇੱਕ ਬਹੁਤ ਵੱਡੇ ਹਥਿਆਰ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਤਾਂ ਕਿ ਕੋਈ ਵੀ ਕਸਰ ਬਾਕੀ ਨਾ ਰਹਿ ਜਾਵੇ। ਇਸਦਾ ਸਬੂਤ ਇੱਥੋਂ ਵੀ ਮਿਲਦਾ ਹੈ ਕਿ ਪਹਿਲਾਂ ਪੀ.ਟੀ.ਸੀ ਚੈਨਲ ਤੇ ਪੱਖਪਾਤ ਦੇ ਦੋਸ਼ ਲੱਗੇ ਫਿਰ ਚੋਣਾਂ ਦੌਰਾਨ ਪੇਡ ਨਿਊਜ਼ ਦੇ ਦੋਸ਼ ਵਿੱਚ ਕਈ ਸਿਆਸਤਦਾਨਾਂ ਨੂੰ ਚੋਣ ਕਮਿਸ਼ਨ ਨੂੰ ਜਵਾਬਦੇਹ ਹੋਣਾ ਪਿਆ ਤੇ ਹੁਣ ਵੀ, ਜ਼ੀ ਨਿਊਜ਼ ਚੈਨਲ 'ਤੇ ਸਰਕਾਰ ਦਾ ਹੀ ਪੱਖ ਪੂਰਨ ਦਾ ਦੋਸ਼ ਲਾ ਕੇ ਉਸਦਾ ਬਾਈਕਾਟ ਕੀਤਾ ਜਾ ਰਿਹਾ ਹੈ। ਯਾਨੀ ਕਿ ਮੀਡੀਆ ਨੂੰ ਖਰੀਦੇ ਜਾਣ ਦੇ ਦੋਸ਼ਾਂ 'ਚ ਕਿਤੇ ਨਾ ਕਿਤੇ ਦਾਲ 'ਚ ਕੁਝ ਕਾਲਾ ਉਸ ਵੇਲੇ ਵੀ ਜ਼ਰੂਰ ਸੀ ਅਤੇ ਹੁਣ ਵੀ ਹੈ। ਹੁਣ ਅੱਗੇ।

ਜਿੱਥੇ ਇੱਕ ਪਾਸੇ ਪੰਜਾਬ 'ਚ ਆਪ ਦੀਆਂ ਕੁਝ ਮੁੱਖ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਕਥਿਤ ਖਰੀਦੇ ਗਏ ਮੀਡੀਆ ਦੇ ਮੋਢਿਆਂ ਤੇ ਚੜ੍ਹ ਕੇ ਆਮ ਆਦਮੀ ਪਾਰਟੀਆਂ ਨੂੰ ਨਿਸ਼ਾਨਾ ਬਨਾਉਣਾ ਸ਼ੁਰੂ ਕਰ ਦਿੱਤਾ ਉੱਥੇ ਹੀ ਇਨ੍ਹਾਂ ਪਾਰਟੀਆਂ ਤੇ ਇਹ ਵੀ ਦੋਸ਼ ਹੈ ਕਿ ਇਨ੍ਹਾਂ ਨੇ ਮੀਡੀਆ ਦਾ ਸਹਾਰਾ ਲੈ ਕੇ ਆਮ ਆਦਮੀ ਪਾਰਟੀ ਵਾਲਿਆਂ ਦੇ ਖ਼ਿਲਾਫ਼ ਪਰਚੇ ਦਰਜ ਕਰ ਉਹਨਾਂ ਨੂੰ ਫਸਾਉਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ।

ਜਿਸ ਦੀਆਂ ਕੁਝ ਜਿੰਦਾ ਮਿਸਾਲਾਂ ਵੀ ਮਿਲੀਆਂ ਜੋ ਕਿ ਜਾਂਚ ਦਾ ਵਿਸ਼ਾ ਸਨ ਪਰ ਜਾਂਚ ਕਰਦਾ ਕੌਣ? ਉਲਟੀ ਵਾੜ ਤੇ ਹੀ ਖੇਤ ਨੂੰ ਖਾਣ ਦੇ ਦੋਸ਼ ਸਨ। ਦੋਸਤੋ, ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਖ਼ੁਦ ਨੂੰ ਪੱਤਰਕਾਰ ਕਹਿਲਾਉਣ ਵਾਲੀ ਇੱਕ ਔਰਤ 'ਤੇ ਵੀ ਪਟਿਆਲਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਡੇਰੇ ਤੇ ਆਏ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਇੱਕ ਸਰਕਾਰੀ ਸਾਜਿਸ਼ ਦੇ ਤਹਿਤ ਪਰਚਾ ਦਰਜ ਕਰਵਾਉਣ ਦੇ ਦੋਸ਼ ਲੱਗੇ ਸਨ। ਉਕਤ ਪੱਤਰਕਾਰ ਔਰਤ ਨੇ ਕੇਜਰੀਵਾਲ ਤੇ ਉਸ ਤੇ ਗੱਡੀ ਚੜਾਉਣ ਦਾ ਇਲਜ਼ਾਮ ਲਗਾਇਆ ਸੀ। ਬਾਅਦ ਵਿੱਚ ਪੁਲਿਸ ਨੇ ਭਾਵੇਂ ਕਿ ਕੇਜਰੀਵਾਲ ਤੇ ਤਾਂ ਪਰਚਾ ਦਰਜ ਨਹੀਂ ਕੀਤਾ ਪਰ ਉਨ੍ਹਾਂ ਦੀ ਗੱਡੀ ਚਲਾ ਰਹੇ ਆਪ ਦੇ ਪਟਿਆਲਾ ਤੋਂ ਆਗੂ ਕਰਮਵੀਰ ਸਿੰਘ ਟਿਵਾਣਾ ਨੂੰ ਪਰਚੇ ਵਿੱਚ ਜ਼ਰੂਰ ਲਪੇਟ ਲਿਆ ਸੀ।

ਕਹਿਣ ਦੀ ਗੱਲ ਇਹ ਹੈ ਕਿ ਨਾ ਹੀ ਆਪ ਵਿਰੋਧੀਆਂ ਨੇ ਅਤੇ ਨਾ ਹੀ ਜ਼ਿਆਦਾਤਰ ਮੀਡੀਆ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਪ੍ਰਚਾਰ ਕਰਨ ਵਿੱਚ ਕੋਈ ਕਸਰ ਬਾਕੀ ਛੱਡੀ। ਰਹਿੰਦੀ ਖ਼ੂੰਹਦੀ ਕਸਰ ਪੂਰੀ ਕਰ ਦਿੱਤੀ ਉਹਨਾਂ ਲੋਕਾਂ ਨੇ ਜਿਹੜੇ ਕਿ ਐਨ ਮੌਕੇ ਤੇ ਆਣ ਕੇ ਆਮ ਆਦਮੀ ਪਾਰਟੀ 'ਚੋਂ ਟਪੂਸੀ ਮਾਰ ਕੇ ਬਾਹਰ ਹੋ ਗਏ। ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ, ਜਾਂ ਉਹਨਾਂ ਨੇ ਖੁਦ ਹੀ ਆਪ ਤੋਂ ਕਿਨਾਰਾ ਕਰ ਲਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ। 

ਇਲਜ਼ਾਮ ਤਾਂ ਹੁਣ ਉਹਨਾਂ ਤੇ ਇਹ ਹੀ ਲੱਗ ਰਹੇ ਹਨ ਕਿ ਆਪ ਨੂੰ ਛੱਡਣ ਵਾਲੇ ਬੰਦਿਆਂ ਵਿੱਚੋਂ ਬਹੁਤੇ ਉਹ ਸਨ ਜਿਹੜੇ ਜਾਂ ਤਾਂ ਕੇਵਲ ਅਹੁਦਿਆਂ ਦੀ ਭੁੱਖ ਕਾਰਨ ਆਪ ਵਿੱਚ ਸ਼ਾਮਲ ਹੋਏ ਸਨ ਜਾਂ ਫਿਰ ਉਹ ਆਪ ਵਿਰੋਧੀ ਪਾਰਟੀਆਂ ਦੇ ਹੀ ਬੰਦੇ ਸਨ ਤੇ ਇੱਕ ਸਾਜਿਸ਼ ਦੇ ਤਹਿਤ ਆਪ ਨੂੰ ਸਿਆਸੀ ਪਟਕਾ ਦੇਣ ਲਈ ਹੀ ਇਸ ਵਿੱਚ ਸ਼ਾਮਲ ਹੋਏ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਇੱਕ ਵਾਰ ਤਾਂ ਆਪ ਦੇ ਹੱਕ ਵਿੱਚ ਅਜਿਹੀ ਲਹਿਰ ਉੱਠੀ ਸੀ ਜਿਸਨੇ ਕਿ ਆਪ ਵਿਰੋਧੀਆਂ ਦੀ ਰਾਤਾਂ ਦੀ ਨੀਂਦ ਵੀ ਹਰਾਮ ਕਰਕੇ ਰੱਖ ਦਿੱਤੀ ਸੀ। ਪੰਜਾਬ ਦੀਆਂ ਸੂਹੀਆ ਏਜੰਸੀਆਂ ਨੇ ਆਪਣੀ ਰਿਪੋਰਟ ਵਿੱਚ ਇਹ ਗੱਲ ਜਾਹਰ ਕਰ ਦਿੱਤੀ ਸੀ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਮੁਖ਼ਾਲਫ਼ਤ ਵੱਧ ਚੁੱਕੀ ਹੈ, ਰਿਪੋਰਟਾਂ ਨੇ ਤਾਂ ਇਹ ਵੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਘੱਟੋ ਘੱਟ 100 ਸੀਟਾਂ ਤੇ ਕਾਬਜ ਹੋ ਜਾਵੇਗੀ।

ਦੋਸਤੋ, ਸੂਤਰਾਂ ਦੀ ਮੰਨੀਏ ਤਾਂ ਖੁਫ਼ੀਆ ਏਜੰਸੀਆਂ ਦੀਆਂ ਇਹੀ ਉਹ ਰਿਪੋਰਟਾਂ ਸਨ ਜਿਹਨਾਂ ਨੇ ਆਪ ਵਿਰੋਧੀਆਂ ਦੀਆਂ ਜੱਫ਼ੀਆ ਪੁਆ ਦਿੱਤੀਆਂ। ਜੇਕਰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀਆਂ ਖ਼ਬਰਾਂ ਦੀ ਗੱਲੀ ਮੰਨੀਏ ਤਾਂ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਕਈ ਪਿੰਡਾਂ ਵਿੱਚ ਤਾਂ ਲੋਕਾਂ ਨੇ ਬੋਰਡ ਤੱਕ ਲਗਾ ਦਿੱਤੇ ਸਨ ਕਿ ਅਕਾਲੀ ਦਲ ਵਾਲੇ ਵੋਟਾਂ ਮੰਗਣ ਉਹਨਾਂ ਦੇ ਪਿੰਡਾ ਵਿੱਚ ਨਾ ਆਉਣ। ਰੌਲਾ ਤਾਂ ਇੱਥੋਂ ਤੱਕ ਪਿਆ ਕਿ ਸ਼ਾਇਦ ਇਹੀ ਇੱਕ ਵੱਡਾ ਕਾਰਨ ਸੀ ਕਿ ਕਹਿੰਦੇ ਕਹਾਉਂਦੇ ਅਕਾਲੀ ਜੱਥੇਦਾਰ ਪਿੰਡਾਂ-ਪਿੰਡਾਂ ਵਿੱਚ ਵੋਟਾਂ ਮੰਗਣ ਤਾਂ ਜ਼ਰੂਰ ਗਏ ਪਰ ਆਪਣੇ ਹੱਕ ਵਿੱਚ ਨਹੀਂ ਸਗੋਂ ਕਾਂਗਰਸ ਦੇ ਹੱਕ ਵਿੱਚ। ਫੈਲ ਰਹੀਆਂ ਝੂਠੀਆਂ ਸੱਚੀਆਂ ਖ਼ਬਰਾਂ ਦੇ ਰੌਲੇ ਅਤੇ ਸੋਸ਼ਲ ਮੀਡੀਆ ਤੇ ਵੀ ਅਜਿਹੀਆਂ ਵਾਇਰਲ ਹੋਈਆਂ ਖ਼ਬਰਾਂ ਅਨੁਸਾਰ ਅਕਾਲੀ ਪਿੰਡਾਂ ਵਿੱਚ ਇਹ ਕਹਿੰਦੇ ਦੇਖੇ ਗਏ ਕਿ ਸਾਨੂੰ ਵੋਟਾਂ ਨਹੀਂ ਦੇਣੀਆਂ ਤਾਂ ਨਾ ਦਿਓ, ਪਰ ਕਾਂਗਰਸ ਨੂੰ ਜਿਤਾ ਦਿਓ ਤੇ ਕਿਸੇ ਵੀ ਹਾਲਤ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਇਓ, ਇਹ ਯੂਪੀ ਬਿਹਾਰ ਵਾਲਿਆਂ ਦੀ ਪਾਰਟੀ ਹੈ।

ਮੁੱਕਦੀ ਗੱਲ ਕੀ ਇਸ ਪਾਰਟੀ ਦੇ ਖ਼ਿਲਾਫ਼ ਸਭ ਨੇ ਰਲ ਕੇ ਸਿਆਸਤ ਦੀ ਇਹੋ ਜਿਹੀ ਖੇਡ ਖੇਡੀ ਕਿ ਜਿਹੜੀ ਪਾਰਟੀ ਬਾਰੇ ਖੁਫ਼ੀਆ ਏਜੰਸੀਆਂ 100 ਸੀਟਾਂ ਦੀ ਰਿਪੋਰਟ ਕਰ ਰਹੀਆਂ ਸਨ ਉਹ ਪਾਰਟੀ ਮਹਿਜ਼ 20 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ।

ਹੁਣ ਜੇਕਰ ਗੱਲ ਕਰੀਏ ਪਾਰਟੀ ਦੀ ਅੰਦਰੂਨੀ ਕਲਾਹ ਕਲੇਸ਼ ਦੀ ਤਾਂ ਇਸ ਪਾਰਟੀ ਦੇ ਆਪਸੀ ਝਗੜਿਆਂ ਨੇ ਇਸ ਨੂੰ ਇੱਕ ਤਰ੍ਹਾਂ ਨਾਲ ਬਿਖੇਰ ਕੇ ਰੱਖ ਦਿੱਤਾ। ਸਭ ਤੋਂ ਵੱਡੀ ਗੱਲ ਇਸ ਦੇ ਆਗੂਆਂ 'ਤੇ ਅਨੇਕਾਂ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਦੇ ਰਹੇ ਹਨ। ਸਰਕਾਰ ਦੀ ਕਾਰਜਸ਼ੈਲੀ ਵੀ ਊਣਤਾਈਆਂ ਭਰਪੂਰ ਬਣੀ ਰਹੀ ਹੈ। ਇਸੇ ਲਈ ਅੱਜ ਇਹ ਪਾਰਟੀ ਆਪਣੀ ਚਮਕ-ਦਮਕ ਗੁਆ ਚੁੱਕੀ ਹੈ, ਕਿਉਂਕਿ ਇਸ ਦੇ ਆਪਣੇ ਹੀ ਬਹੁਤੇ ਸੀਨੀਅਰ ਆਗੂ ਇਸ ਵਿਰੁੱਧ ਬੋਲਣ ਲੱਗ ਪਏ ਹਨ।

ਪਿਛਲੇ ਦਿਨੀਂ ਆਪਣੇ ਹਿੱਸੇ ਆਉਂਦੀਆਂ ਰਾਜ ਸਭਾ ਦੀਆਂ 3 ਸੀਟਾਂ 'ਤੇ ਉਮੀਦਵਾਰਾਂ ਦੀ ਜੋ ਚੋਣ ਆਪ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਕੀਤੀ ਗਈ ਹੈ, ਉਸ ਨੇ ਤਾਂ ਇਸ ਦੇ ਆਗੂਆਂ ਦੀ ਆਲੋਚਨਾ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ ਉਮੀਦਵਾਰਾਂ ਵਿੱਚੋਂ ਇੱਕ ਵੱਡੇ ਕਾਰੋਬਾਰੀ ਸੁਸ਼ੀਲ ਗੁਪਤਾ ਹਨ ਤੇ ਦੂਜੇ ਇੱਕ ਲੇਖਾਕਾਰ (ਸੀ.ਏ.) ਐਨ.ਡੀ. ਗੁਪਤਾ ਹਨ। ਸੁਸ਼ੀਲ ਗੁਪਤਾ ਕੁਝ ਸਮਾਂ ਪਹਿਲਾਂ ਕਾਂਗਰਸ ਨਾਲ ਜੁੜੇ ਰਹੇ ਹਨ ਤੇ 'ਆਪ' ਦੇ ਆਗੂਆਂ ਖ਼ਿਲਾਫ਼ ਵੀ ਲਗਾਤਾਰ ਬਿਆਨਬਾਜ਼ੀ ਕਰਦੇ ਰਹੇ ਹਨ। ਤੀਜੀ ਸੀਟ ਕੇਜਰੀਵਾਲ ਨੇ ਆਪਣੇ ਸਾਥੀ ਸੰਜੇ ਸਿੰਘ ਨੂੰ ਦਿੱਤੀ ਹੈ, ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਦੌਰਾਨ ਜਿਨ੍ਹਾਂ ਦੀਆਂ ਕਾਰਵਾਈਆਂ 'ਤੇ ਬੇਹੱਦ ਮਾੜੇ ਢੰਗ ਨਾਲ ਉਂਗਲਾਂ ਉੱਠਦੀਆਂ ਰਹੀਆਂ ਹਨ। 

ਇਸ ਅਮਲ ਵਿੱਚ ਕੇਜਰੀਵਾਲ 'ਤੇ ਪਾਰਟੀ ਨਾਲ ਮੁੱਢ ਤੋਂ ਹੀ ਜੁੜੇ ਹੋਏ ਵੱਡੇ ਆਗੂ ਕੁਮਾਰ ਵਿਸ਼ਵਾਸ ਨੂੰ ਵੀ ਪੂਰੀ ਤਰ੍ਹਾਂ ਦਰਕਿਨਾਰ ਕਰਨ ਦੇ ਦੋਸ਼ ਲੱਗ ਰਹੇ ਹਨ, ਜਿਸ ਨਾਲ ਆਉਂਦੇ ਸਮੇਂ 'ਚ ਪਾਰਟੀ ਅੰਦਰ ਪੈਦਾ ਹੋਈ ਇਸ ਸਥਿਤੀ ਕਾਰਨ ਉੱਠੇ ਵਿਵਾਦਾਂ ਦੇ ਹੋਰ ਵੀ ਵੱਡੇ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਪਾਰਟੀ ਦੇ ਉਭਾਰ ਨਾਲ ਜੋ ਉਮੀਦਾਂ ਪੈਦਾ ਹੋਈਆਂ ਸਨ, ਉਹ ਫਿੱਕੀਆਂ ਪੈਂਦੀਆਂ ਦਿਖਾਈ ਦਿੰਦੀਆਂ ਹਨ, ਜਿਸ ਨੇ ਸਿਆਸੀ ਮੁਹਾਜ਼ 'ਤੇ ਇੱਕ ਵਾਰ ਫਿਰ ਵੱਡੀ ਪੱਧਰ 'ਤੇ ਲੋਕਾਂ ਦੇ ਮਨਾਂ 'ਚ ਨਿਰਾਸ਼ਾ ਪੈਦਾ ਕੀਤੀ ਹੈ।

ਦੋਸਤੋ, ਇਸ ਨੂੰ ਦੇਸ਼ ਦੀਆਂ ਵੱਡੀਆਂ ਆਪ ਵਿਰੋਧੀ ਸਿਆਸੀ ਪਾਰਟੀਆਂ ਦੀ ਸਿਆਸੀ ਖੇਡ ਦਾ ਨਾਮ ਦੇ ਦਿਓ ਜਾਂ ਫਿਰ ਆਮ ਆਦਮੀ ਪਾਰਟੀ ਦੀ ਅੰਤਰ ਕਲਾ ਦਾ ਨਤੀਜਾ ਪਰ ਅੱਜ ਇਹ ਪਾਰਟੀ ਦੇਸ਼ ਵਿੱਚ ਪੂਰੀ ਤਰ੍ਹਾਂ ਨਾਲ ਖੇਰੂ-ਖੇਰੂੰ ਹੁੰਦੀ ਨਜ਼ਰ ਆ ਰਹੀ ਹੈ। 

ਅਖੀਰ ਵਿੱਚ ਜੇਕਰ ਮੁੜ ਗੱਲ ਕਰੀਏ ਦੇਸ਼ ਦੇ ਮੀਡੀਆ ਦੀ ਤਾਂ ਉਸ ਤੇ ਪਹਿਲੇ ਦਿਨ ਤੋਂ ਹੀ ਇਸ ਪਾਰਟੀ ਦੇ ਮਗਰ ਪੈਣ ਦੇ ਵੱਡੇ ਦੋਸ਼ ਲੱਗੇ ਹੋਏ ਹਨ। ਬਿਨਾਂ ਸ਼ੱਕ ਇਸ ਪਾਰਟੀ ਨੇ ਦਿੱਲੀ ਵਿੱਚ ਮਹਿਜ਼ ਤਿੰਨ ਸਾਲਾਂ ਵਿੱਚ ਉਹ ਕੁਝ ਕਰਕੇ ਵਿਖਾ ਦਿੱਤਾ ਜਿਹੜੇ ਕਿ ਦੂਜੀਆਂ ਸਿਆਸੀ ਪਾਰਟੀਆਂ ਪਿਛਲੇ ਸੱਤਰ ਸਾਲਾਂ ਵਿੱਚ ਨਹੀਂ ਸਨ ਕਰ ਸਕੀਆਂ। ਬਾਵਜੂਦ ਇਸਦੇ ਇਹ ਪਾਰਟੀ ਦੇਸ਼ ਦੇ ਹੋਰਨਾਂ ਰਾਜਾਂ ਵਿੱਚ ਆਪਣਾ ਉਹ ਅਧਾਰ ਨਹੀਂ ਬਣਾ ਸਕੀ। ਮੁੱਕਦੀ ਗੱਲ ਜੇਕਰ ਕਰੀਏ ਤਾਂ ਦੋਸਤੋ ਗੱਲ ਕੌੜੀ ਜ਼ਰੂਰ ਹੈ ਪਰ ਸਚਾਈ ਇਹ ਹੈ ਕਿ 2019 ਦੀਆਂ ਚੋਣਾਂ 'ਚ ਅਗਰ ਇਹ ਪਾਰਟੀ ਆਪਣਾ ਕੋਈ ਜਲਵਾ ਨਾ ਵਿਖਾ ਸਕੀ ਤਾਂ ਸ਼ਾਇਦ ਇਹ ਚੋਣਾਂ ਆਮ ਆਦਮੀਆਂ ਦੀਆਂ ਆਖਰੀ ਚੋਣਾਂ ਵੀ ਸਾਬਤ ਹੋ ਸਕਦੀਆਂ ਹਨ। (ਸਮਾਪਤ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।