ਪੁਲਿਸ ਦੀ ਨੌਕਰੀ ਦਵਾਉਣ ਦਾ ਕੀਤਾ ਸੀ ਦਾਅਵਾ, ਪਰਚਾ ਦਰਜ

Last Updated: Jan 13 2018 19:54

ਪੰਜਾਬ ਪੁਲਿਸ ਵਿੱਚ ਨੌਕਰੀ ਲਵਾਉਣ ਦੇ ਨਾਂਅ 'ਤੇ ਇੱਕ ਨੌਜਵਾਨ ਤੋਂ ਪੈਸੇ ਲੈ ਕੇ ਕਥਿਤ ਤੌਰ 'ਤੇ ਠੱਗੀ ਮਾਰੇ ਜਾਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਕਥਿਤ ਠੱਗ ਨੇ ਨੌਜਵਾਨ ਤੋਂ ਸਾਢ਼ੇ ਤਿੰਨ ਲੱਖ ਰੁਪਏ ਹਜ਼ਮ ਕਰ ਲਏ। ਪੁਲਿਸ ਨੇ ਇਸ ਮਾਮਲੇ 'ਚ ਫ਼ਾਜ਼ਿਲਕਾ ਵਾਸੀ ਇੱਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਉਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੰਬੰਧਿਤ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਕਈ ਠੱਗੀ ਮਾਰਨ ਦੇ ਆਦੀ ਲੋਕਾਂ ਨੇ ਨੌਜਵਾਨਾਂ ਅਤੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੱਖਾ ਰੁਪਏ ਦੀ ਠੱਗੀ ਮਾਰੀ ਹੈ। ਬੇਸ਼ੱਕ ਸਰਕਾਰ ਇਸ ਗੱਲ ਦਾ ਰੋਲਾ ਪਾਉਂਦੀ ਰਹੀ ਕਿ ਭਰਤੀ ਮੈਰਿਟ ਦੇ ਅਧਾਰ 'ਤੇ ਕੀਤੀ ਜਾਵੇਗੀ ਪਰ ਲੋਕਾਂ ਨੇ ਪੈਸੇ ਦੇ ਕੇ ਨੌਕਰੀ ਲੈਣ ਲਈ ਆਪਣੇ ਪੈਸੇ ਠੱਗ ਕਿਸਮ ਦੇ ਲੋਕਾਂ ਕੋਲ ਅਜਿਹੇ ਫਸਾਏ ਕਿ ਅੱਜੇ ਤੱਕ ਉਹ ਪੈਸੇ ਵਾਪਸ ਲੈਣ ਲਈ ਪੁਲਿਸ ਕੋਲੋਂ ਮਦਦ ਮੰਗ ਰਹੇ ਹਨ। ਤਾਜ਼ਾ ਮਾਮਲਾ ਵੀ ਪੁਲਿਸ ਵਿਭਾਗ 'ਚ ਨੌਕਰੀ ਲਵਾਉਣ ਲਈ ਦਿੱਤੇ ਗਏ ਸਾਢ਼ੇ ਤਿੰਨ ਲੱਖ ਰੁਪਏ ਦਾ ਹੈ। 

ਜ਼ਿਲ੍ਹੇ ਦੇ ਪਿੰਡ ਢਾਬ ਖ਼ੁਸ਼ਹਾਲ ਜੋਈਆਂ ਵਾਸੀ ਅਰਵੀਨ ਕੁਮਾਰ ਨੇ ਥਾਣਾ ਸਦਰ ਜਲਾਲਾਬਾਦ ਨੂੰ ਇੱਕ ਸ਼ਿਕਾਇਤ ਪੱਤਰ ਦੇ ਕੇ ਮੁਕੇਸ਼ ਕੁਮਾਰ 'ਤੇ ਦੋਸ਼ ਲਾਈਆਂ ਕਿ ਉਸ ਨੇ ਦੱਸਿਆਂ ਸੀ ਕਿ ਉਸ ਦੀ ਪਹੁੰਚ ਪੁਲਿਸ ਵਿਭਾਗ ਵਿੱਚ ਉੱਪਰ ਤੱਕ ਹੈ ਤੇ ਜੇਕਰ ਉਸ ਨੇ ਪੁਲਿਸ ਵਿਭਾਗ 'ਚ ਨੌਕਰੀ ਕਰਨੀ ਹੈ ਤਾਂ ਉਹ ਉਸ ਨੂੰ ਭਰਤੀ ਕਰਵਾ ਸਕਦਾ ਹੈ ਪਰ ਇਸ ਦੇ ਲਈ ਸਾਢ਼ੇ ਤਿੰਨ ਲੱਖ ਰੁਪਏ ਲੱਗਣਗੇ। ਅਰਵੀਨ ਕੁਮਾਰ ਅਨੁਸਾਰ ਉਹ ਮੁਕੇਸ਼ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਸ ਨੇ ਪੈਸੇ ਉਸ ਨੂੰ ਦੇ ਦਿੱਤੇ। 17 ਜੁਲਾਈ 2015 ਨੂੰ ਦਿੱਤੇ ਗਏ ਪੈਸੇ ਦੇ ਸੰਬੰਧ ਵਿੱਚ ਜੱਦ ਵੀ ਉਹ ਉਸ ਦੇ ਨਾਲ ਗੱਲਬਾਤ ਕਰਦਾ ਸੀ ਤਾਂ ਉਹ ਉਸ ਨੂੰ ਕਹਿ ਦਿੰਦਾ ਸੀ ਕਿ ਉਸ ਨੂੰ ਨੌਕਰੀ ਜ਼ਰੂਰ ਮਿਲੇਗੀ ਪਰ ਇਸ ਦੌਰਾਨ ਪੁਲਿਸ ਮਹਿਕਮੇ 'ਚ ਨਵੀਂ ਭਰਤੀ ਨਹੀਂ ਹੋ ਪਾਈ। ਇਸ ਤੋਂ ਬਾਅਦ ਪੈਸੇ ਮੋੜਨ ਲਈ ਮੁਕੇਸ਼ ਕੁਮਾਰ ਨੂੰ ਕਿਹਾ ਗਿਆ ਪਰ ਉਸ ਨੇ ਉਸ ਦੀ ਗੱਲ ਸੁਣਨੀ ਬੰਦ ਕਰ ਦਿੱਤੀ। ਪੁਲਿਸ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਮੁਕੇਸ਼ ਕੁਮਾਰ ਖ਼ਿਲਾਫ਼ ਅਧੀਨ ਧਾਰਾ 420 ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।