ਤਿਉਹਾਰ ਦੇ ਦਿਨ ਵੀ ਚੋਰਾਂ ਦਾ ਕੰਮ ਜਾਰੀ

Last Updated: Jan 13 2018 19:34

ਪੁਲਿਸ ਦੀ ਲਾਪਰਵਾਹੀ ਨਾਲ ਅੱਜ ਫਿਰ ਤੋਂ ਸ਼ਹਿਰ ਵਿੱਚ ਚੋਰਾਂ ਨੂੰ ਸ਼ਹਿ ਮਿਲ ਗਈ ਹੈ ਅਤੇ ਤਿਉਹਾਰ ਵਾਲੇ ਦਿਨ ਵੀ 2 ਸਨੈਚਿੰਗ ਦੇ ਕੇਸ ਸਾਹਮਣੇ ਆ ਗਏ ਹਨ। ਪੁਲਿਸ ਪ੍ਰਸ਼ਾਸਨ ਦੀ ਅੱਜ ਦੇ ਤਿਉਹਾਰ ਵਿੱਚ ਮਾਰੀ ਗਈ ਛੁੱਟੀ ਨੇ ਲੋਕਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਸ਼ਹਿਰ ਦੇ ਤ੍ਰਿਪੜੀ ਬਜ਼ਾਰ ਦੀਆਂ ਰੌਣਕਾਂ ਵਿੱਚ ਚੋਰਾਂ ਨੇ 2 ਔਰਤਾਂ ਦੇ ਸੋਨੇ ਦੀਆਂ ਚੈਨੀਆਂ ਉੱਪਰ ਆਪਣਾ ਹੱਥ ਸਾਫ਼ ਕਰ ਲਿਆ ਹੈ ਅਤੇ ਭੀੜ ਭੜਾਕੇ ਦੇ ਆਸਰੇ ਬਹੁਤ ਹੀ ਆਸਾਨੀ ਨਾਲ ਲੋਕਾਂ ਦੀ ਪਹੁੰਚ ਤੋਂ ਵੀ ਬੱਚ ਗਏ।

ਪੀੜਤ ਸੁਨੀਤਾ ਰਾਣੀ ਪਤਨੀ ਸੁਮਿਤ ਬਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਗਲੇ 'ਚ 3 ਤੋਲੇ ਦੀ ਚੇਨ ਪਾਈ ਹੋਈ ਸੀ ਜਿਸ ਨੂੰ ਸਨੈਚਰ ਅੱਖਾਂ ਝਪਕਦੇ ਹੀ ਉਨ੍ਹਾਂ ਦੇ ਗਲੇ 'ਚੋਂ ਕੱਢ ਕੇ ਲੈ ਗਏ। ਇਸ ਤੋਂ ਇਲਾਵਾ ਤ੍ਰਿਪੜੀ ਨਿਵਾਸੀ ਮਹਿਤਾਬ ਕੌਰ ਦੀ ਚੇਨ ਵੀ ਸਨੈਚਰ ਉਡਾ ਕੇ ਲੈ ਗਏ ਹਨ। ਤ੍ਰਿਪੜੀ ਪੁਲਿਸ ਨੇ ਭਾਵੇਂ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਚੋਰਾਂ ਨੂੰ ਛੇਤੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਪਰ ਪੁਲਿਸ ਦੀ ਤਿਉਹਾਰ ਵਾਲੇ ਦਿਨ ਗੈਰ ਮੌਜੂਦਗੀ ਦਾ ਜੁਰਮਾਨਾ ਆਮ ਲੋਕਾਂ ਨੂੰ ਭੁਗਤਣਾ ਪੈ ਗਿਆ।