ਸੀ.ਸੀ.ਟੀ.ਵੀ ਕੈਮਰੇ ਲਗਵਾਉਣ 'ਤੇ ਵੀ ਨਹੀਂ ਰੁਕੀਆਂ ਚੋਰੀ ਦੀਆਂ ਵਾਰਦਾਤਾਂ

Last Updated: Jan 13 2018 19:17

ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ ਹਨ। ਜਿਨ੍ਹਾਂ ਦੀ ਮਦਦ ਨਾਲ ਪੁਲਿਸ ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖ ਰਹੀ ਹੈ। ਪਰ ਪੁਲਿਸ ਦੇ ਨੱਕ ਦੇ ਥੱਲੇ ਮਿੰਨੀ ਸੈਕਟਰੀਏਟ ਵਿੱਚ ਟਾਈਪਿਸਟਾਂ ਦੀਆਂ ਸਟਾਲਾਂ ਦੇ ਤਾਲੇ ਤੋੜ ਕੇ ਚੋਰਾਂ ਨੇ ਚੋਰੀ ਕਰਨ ਤੋਂ ਕੋਈ ਗੁਰੇਜ਼ ਨਹੀਂ ਕੀਤਾ। 

ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਜ਼ਿਲ੍ਹਾ ਮਿੰਨੀ ਸੈਕਟਰੀਏਟ ਵਿੱਚ ਅਸਟਾਮਫਰੋਸ਼ਾਂ ਅਤੇ ਟਾਈਪਿਸਟਾਂ ਦੇ ਕਾਊਂਟਰਾਂ ਦੇ ਤਾਲੇ ਤੋੜ ਕੇ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਨ੍ਹਾਂ ਕਾਊਂਟਰਾਂ ਤੋਂ ਚੋਰਾਂ ਨੇ ਚਾਰ ਕੰਪਿਊਟਰ, ਪ੍ਰਿੰਟਰ, ਕੀ-ਬੋਰਡ ਆਦਿ ਚੋਰੀ ਕੀਤੇ ਹਨ। ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਲੋਹੇ ਦੀਆਂ ਰਾਡਾਂ ਤੇ ਨਲਕੇ ਦੀ ਹੱਥੀ ਦਾ ਪ੍ਰਯੋਗ ਕੀਤਾ ਹੈ। 

ਇਸ ਸਬੰਧ ਵਿੱਚ ਮਿੰਨੀ ਸੈਕਟਰੀਏਟ ਵਿਖੇ ਕੰਮ ਕਰਨ ਵਾਲੇ ਟਾਈਪਿਸਟਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੈਸੇ ਇਕੱਠੇ ਕਰਕੇ ਨਿੱਜੀ ਸੀ.ਸੀ.ਟੀ.ਵੀ ਕੈਮਰੇ ਲਗਵਾਏ ਹਨ। ਜਿਸ ਵਿੱਚ ਚੋਰੀ ਕਰਦੇ ਇੱਕ ਚੋਰ ਦਾ ਚਿਹਰਾ ਦਿਖਾਈ ਦੇ ਰਿਹਾ ਹੈ। ਇਸ ਸਬੰਧ ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਚੋਰਾਂ ਨੇ ਚੋਰੀ  ਕੀਤੀ ਹੈ ਪਰ ਇਸ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਹੋ ਸਕੀ। ਚੋਰੀ ਦੇ ਘਟਨਾ ਸਥਲ ਤੋਂ ਕੁਝ ਹੀ ਗੱਜ ਦੂਰ ਐਸ.ਐਸ.ਪੀ ਅਤੇ ਡਿਪਟੀ ਕਮਿਸ਼ਨਰ ਦਾ ਵੀ ਦਫ਼ਤਰ ਹੈ।