ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਹੈਲਮਟ ਪਹਿਨਣ ਸਬੰਧੀ ਖੰਨਾ ਪੁਲਿਸ ਨੇ ਲੋਕਾਂ ਨੂੰ ਕੀਤਾ ਜਾਗਰੂਕ

Last Updated: Jan 13 2018 19:10

ਸੜਕ ਹਾਦਸਿਆਂ ਦੌਰਾਨ ਅਜਾਈਂ ਜਾਣ ਵਾਲੀਆਂ ਇਨਸਾਨੀ ਜਾਨਾਂ ਨੂੰ ਬਚਾਉਣ ਅਤੇ ਲੋਕਾਂ ਨੂੰ ਹੈਲਮਟ ਪਹਿਨਣ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪੁਲਿਸ ਵੱਲੋਂ ਸਥਾਨਕ ਅਮਲੋਹ ਰੋਡ ਚੌਂਕ ਵਿਖੇ ਟਰੈਫ਼ਿਕ ਜਾਗਰੂਕਤਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ (ਐਚ) ਬਲਵਿੰਦਰ ਸਿੰਘ ਭੀਖੀ ਅਤੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਿਕਾਸ ਮਹਿਤਾ ਨੇ ਸਮਾਰੋਹ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਪੁਲਿਸ ਅਧਿਕਾਰੀਆਂ, ਵੱਖ-ਵੱਖ ਰਾਜਨੀਤਿਕ ਜੱਥੇਬੰਦੀਆਂ ਦੇ ਆਗੂਆਂ, ਸਮਾਜ ਸੇਵੀਆਂ, ਵਪਾਰੀਆਂ ਅਤੇ ਸਕੂਲੀ ਬੱਚਿਆਂ ਨੇ ਪਹਿਲੀ ਵਾਰ ਇੱਕ ਮੰਚ 'ਤੇ ਇਕੱਠੇ ਹੋ ਕੇ ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪਹਿਨ ਕੇ ਵਾਹਨ ਚਲਾਉਣ ਸਬੰਧੀ ਜਾਗਰੂਕ ਕੀਤਾ। ਸਮਾਰੋਹ ਦੌਰਾਨ ਦੋਪਹੀਆ ਵਾਹਨ ਚਾਲਕਾਂ ਨੂੰ ਮੁਫ਼ਤ ਹੈਲਮਟ ਵੀ ਵੰਡੇ ਗਏ। ਇਸ ਦੇ ਉਪਰੰਤ ਪੁਲਿਸ ਅਧਿਕਾਰੀਆਂ, ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਦੇ ਨਾਲ ਸ਼ਹਿਰ 'ਚ ਜਾਗਰੂਕਤਾ ਰੈਲੀ ਵੀ ਕੱਢੀ ਗਈ।

ਇਸੇ ਮੌਕੇ ਐੱਸ.ਪੀ (ਐਚ) ਬਲਵਿੰਦਰ ਸਿੰਘ ਭਿਖੀ ਨੇ ਕਿਹਾ ਕਿ ਸਕੂਲੀ ਪੱਧਰ 'ਤੇ ਹੀ ਬੱਚਿਆਂ ਨੂੰ ਹੈਲਮਟ ਪਹਿਨਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਲਈ ਬੱਚਿਆਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਸਕੂਲ ਪ੍ਰਬੰਧਕਾਂ ਦੀ ਵੀ ਹੈ। ਪੁਲਿਸ ਵਿਭਾਗ ਵੱਲੋਂ ਵੀ ਇਸ ਸਬੰਧ 'ਚ ਸਕੂਲਾਂ 'ਚ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਬੱਚਿਆਂ ਨੂੰ ਵੀ ਆਪਣੇ ਮਾਪਿਆਂ ਨੂੰ ਹੈਲਮਟ ਪਹਿਨਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਸਟਾਈਲ ਨੂੰ ਆਪਣੀ ਸੁਰੱਖਿਆ 'ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।

ਇਸ ਮੌਕੇ ਡੀਐੱਸਪੀ (ਐਚ) ਵਿਕਾਸ ਸਭਰਵਾਲ, ਡੀਐਸਪੀ (ਸਪੈਸ਼ਲ ਬ੍ਰਾਂਚ) ਸਰਬਜੀਤ ਕੌਰ ਬਾਜਵਾ ਵੱਲੋਂ ਵੀ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਜਰੂਰ ਪਹਿਨਣ ਲਈ ਜਾਗਰੂਕ ਕੀਤਾ ਗਿਆ। ਬੱਚਿਆਂ ਨੇ ਇਸ ਦੌਰਾਨ ਜਿੱਥੇ ਜਾਗਰੂਕਤਾ ਸਬੰਧੀ ਤਖ਼ਤੀਆਂ ਚੁੱਕਣ ਦੇ ਨਾਲ ਪੈਂਫ਼ਲਿਟ ਵੀ ਵੰਡੇ, ਉੱਥੇ ਹੀ ਹੈਲਮਟ ਪਾਓ, ਜਾਨ ਬਚਾਓ ਦੇ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ।

ਇਸ ਮੌਕੇ ਇੰਸਪੈਕਟਰ ਪ੍ਰਵੀਨ ਸ਼ਰਮਾ, ਐੱਸਐੱਚਓ ਸਿਟੀ ਰਜਨੀਸ਼ ਸੂਦ, ਐੱਸਐੱਚਓ ਸਦਰ ਵਿਨੋਦ ਕੁਮਾਰ, ਟਰੈਫ਼ਿਕ ਇੰਚਾਰਜ ਰਵਿੰਦਰ ਕੁਮਾਰ, ਇੰਸਪੈਕਟਰ ਅਸ਼ਵਨੀ ਕੁਮਾਰ, ਏਐੱਸਆਈ ਗੁਰਦੇਵ ਸਿੰਘ, ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਐਡਵੋਕੇਟ ਸਵਰਣ ਸਿੰਘ ਸੰਧੂ, ਕਾਂਗਰਸ ਬਲਾਕ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ, ਯੂਥ ਕਾਂਗਰਸ ਪ੍ਰਧਾਨ ਸਤਨਾਮ ਸਿੰਘ ਸੋਨੀ, ਪ੍ਰਿੰਸੀਪਲ ਆਦਰਸ਼ ਸ਼ਰਮਾ, ਪੰਜਾਬ ਸਟੇਟ ਏਪੋਕਸ ਕਮੇਟੀ ਦੇ ਸਕੱਤਰ ਗੁਰਸ਼ਰਨ ਜੀਤ ਸਿੰਘ, ਬ੍ਰਿਜ ਮੋਹਨ ਸ਼ਰਮਾ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰਣਜੀਤ ਸਿੰਘ ਹੀਰਾ, ਗੁਰਪ੍ਰੀਤ ਨਾਗਪਾਲ ਆਦਿ ਤੋਂ ਇਲਾਵਾ ਹੋਰ ਲੋਕ ਮੌਜੂਦ ਸਨ।