ਪਠਾਨਕੋਟ ਵਿਖੇ ਬਿਨਾਂ ਨਕਸ਼ਾ ਪਾਸ ਬਣ ਰਹੇ ਮਕਾਨ, ਨਿਗਮ ਨੇ ਭੇਜੇ ਨੋਟਿਸ

Last Updated: Jan 13 2018 18:46

ਸ਼ਹਿਰ ਵਿੱਚ ਬਿਨਾਂ ਨਕਸ਼ਾ ਪਾਸ ਕਰਵਾਏ ਕੰਮ ਕਰਵਾ ਰਹੇ 5 ਲੋਕਾਂ ਦਾ ਕੰਮ ਨਿਗਮ ਦੀ ਬਿਲਡਿੰਗ ਬਰਾਂਚ ਨੇ ਰੁਕਵਾ ਦਿੱਤਾ। ਨਿਗਮ ਦੀ ਬਿਲਡਿੰਗ ਬਰਾਂਚ ਨੇ ਸਰਪਰਾਇਜ ਚੈਕਿੰਗ ਕੀਤੀ। ਬਿਲਡਿੰਗ ਇੰਸਪੈਕਟਰ ਕਿਰਨਦੀਪ ਦੀ ਅਗਵਾਈ ਵਿੱਚ ਸਵੇਰੇ ਟੀਮ ਨੇ ਪਹਿਲੇ ਢਾਂਗੂ ਪੀਰ ਇਲਾਕੇ ਨੂੰ ਚੈਕ ਕੀਤੇ। ਢਾਂਗੂ ਪੀਰ ਵਿਖੇ ਦੋ ਲੋਕਾਂ ਵੱਲੋਂ ਕੰਮ ਕਰਵਾਇਆ ਜਾ ਰਿਹਾ ਸੀ, ਪਰ ਉਨ੍ਹਾਂ ਦੇ ਕੋਲ ਨਕਸ਼ਾ ਨਹੀਂ ਸੀ। ਇਸ ਤੋਂ ਬਾਅਦ ਟੀਮ ਸਿੱਧੇ ਵਾਰਡ ਨੰਬਰ 46 ਦੀ ਰਘੁਨਾਥ ਕਲੋਨੀ ਵਿੱਚ ਗਈ ਅਤੇ ਉੱਥੇ ਦੋ ਲੋਕਾਂ ਨੂੰ ਬਿਨਾਂ ਨਕਸ਼ਾ ਪਾਸ ਕਰਵਾਏ ਕੰਮ ਕਰਦੇ ਪਾਇਆ।

ਇਸ ਦੇ ਬਾਅਦ ਟੀਮ ਨੇ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਉਪਰ ਵੀ ਇੱਕ ਕੰਮ ਨੂੰ ਚੈਕ ਕੀਤਾ ਜੋ ਬਿਨਾਂ ਨਕਸ਼ੇ ਦੇ ਚੱਲ ਰਿਹਾ ਸੀ। ਸਾਰੇ ਪੰਜ ਕੰਮਾਂ ਨੂੰ ਕਰਵਾਉਣ ਵਾਲਿਆਂ ਨੂੰ ਮਿਉਂਸਿਪਲ ਐਕਟ 270 ਦੇ ਤਹਿਤ ਨੋਟਿਸ ਜਾਰੀ ਕਰ ਅਗਲੇ 72 ਘੰਟਿਆਂ ਵਿੱਚ ਜੁਆਬ ਦੇਣ ਦੇ ਲਈ ਕਿਹਾ ਗਿਆ ਹੈ। ਕਿਰਨਦੀਪ ਨੇ ਦੱਸਿਆ ਕਿ ਚੈਕਿੰਗ ਦੇ ਦੌਰਾਨ ਬਿਨਾਂ ਨਕਸ਼ਾ ਪਾਸ ਕਰਵਾਏ ਪੰਜ ਲੋਕ ਪਾਏ ਗਏ ਜਿਨ੍ਹਾਂ ਦਾ ਤੁਰੰਤ ਕੰਮ ਬੰਦ ਕਰਵਾਉਣ ਦੇ ਬਾਅਦ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਅਪਣਾ ਜੁਆਬ ਦੇਣ ਦੇ ਲਈ ਕਿਹਾ ਗਿਆ ਹੈ। ਤਿੰਨ ਦਿਨਾਂ ਤੱਕ ਜੇਕਰ ਉਹ ਜੁਆਬ ਨਹੀਂ ਦਿੰਦੇ ਤਾਂ ਨਿਗਮ ਉਨ੍ਹਾਂ ਦੇ ਖਿਲਾਫ ਐਮ.ਸੀ ਐਕਟ ਦੀ ਧਾਰਾ 270 ਦੇ ਤਹਿਤ ਕਾਰਵਾਈ ਕਰੇਗਾ।