ਜਦੋਂ ਕੀਰਨਿਆਂ 'ਚ ਬਦਲ ਗਈਆਂ ਲੋਹੜੀਆਂ ਦੀਆਂ ਖ਼ੁਸ਼ੀਆਂ!!!

Last Updated: Jan 13 2018 18:41

ਲਵਪ੍ਰੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਸ਼ਾਇਦ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਇਸ ਵਾਰ ਲੋਹੜੀ ਦਾ ਤਿਉਹਾਰ ਉਹਨਾਂ ਦੀਆਂ ਸਾਰੀਆਂ ਖ਼ੁਸ਼ੀਆਂ ਨੂੰ ਮਾਤਮ ਵਿੱਚ ਬਦਲ ਕੇ ਰੱਖ਼ ਦੇਵੇਗਾ। ਉਹਨਾਂ ਦੇ ਘਰੋਂ ਲੋਹੜੀ ਦੇ ਗੀਤਾਂ ਦੀ ਅਵਾਜ ਨਹੀਂ ਬਲਕਿ ਕੀਰਨਿਆਂ ਦੀਆਂ ਅਵਾਜਾਂ ਆਉਣਗੀਆਂ। ਉਸ ਘਰੋਂ ਕੀਰਨਿਆਂ ਦੀਆਂ ਅਵਾਜ਼ਾਂ ਆਉਣਗੀਆਂ ਹੀ ਜਿਸ ਘਰ ਦਾ ਇਕਲੌਤਾ ਚਿਰਾਗ ਬੁੱਝ ਜਾਵੇ ਉਹ ਵੀ ਸ਼ਗਨਾਂ ਵਾਲੇ ਦਿਨ। ਲਵੀਪ੍ਰੀਤ ਸਿੰਘ ਦੀ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ।

ਹੋਇਆ ਇੰਝ ਕਿ ਗਰੀਨ ਪਾਰਕ ਕਲੌਨੀ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਲੋਹੜੀ ਮਨਾਉਣ ਲਈ ਸਮਾਨ ਇਕੱਠਾ ਕਰਦਾ ਫ਼ਿਰ ਰਿਹਾ ਸੀ। ਇਸੇ ਦੌਰਾਨ ਹੀ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਰਜਿੰਦਰਾ ਹਸਪਤਾਲ ਕੋਲੋਂ ਲੰਘ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰਸਾਈਕੀਲ ਚਾਲਕ ਮੁਹੰਮਦ ਨੌਸਾਰ ਨੇ ਬੜੀ ਹੀ ਅਣਗਹਿਲੀ ਨਾਲ ਆਪਣਾ ਮੋਟਰਸਾਈਕਲ ਲਵਪ੍ਰੀਤ ਸਿੰਘ ਦੇ ਮੋਟਰਸਾਈਕਲ ਵਿੱਚ ਠੋਕ ਦਿੱਤਾ। ਇਸ ਹਾਦਸੇ ਵਿੱਚ ਦੋਵੇ ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਪਰ ਲਵਪ੍ਰੀਤ ਸਿੰਘ ਦੀ ਦੌਰਾਨ-ਏ-ਇਲਾਜ ਰਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ। ਥਾਣਾ ਸਿਵਲ ਲਾਈਨ ਪੁਲਿਸ ਨੇ ਮੁਹੰਮਦ ਨੌਸਾਰ ਦੇ ਖਿਲਾਫ਼ ਧਾਰਾ 279, 304-ਏ ਅਤੇ 427 ਦੇ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮੁਹੰਮਦ ਨੌਸਾਰ ਵੀ ਇਸ ਸਮੇਂ ਹਸਪਤਾਲ ਵਿੱਚ ਜੇਰੇ ਇਲਾਜ ਹੈ ਅਤੇ ਉਹ ਪੁਲਿਸ ਦੀ ਕਸਟਡੀ ਵਿੱਚ ਹੀ ਹੈ।