ਟਰੈਕਟਰ-ਟਰਾਲੀ 'ਚ ਲੱਦੀਆਂ 85 ਬੋਰੀਆਂ ਭੁੱਕੀ ਛੱਡ ਕੇ ਨਸ਼ਾ ਤਸਕਰ ਹੋਏ ਫਰਾਰ, ਪਰਚਾ ਦਰਜ

Last Updated: Jan 13 2018 18:32

ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਨੇ ਇੱਕ ਟਰੈਕਟਰ-ਟਰਾਲੀ 'ਚੋਂ 29 ਕੁਇੰਟਲ 75 ਕਿੱਲੋ (85 ਬੋਰੀਆਂ) ਭੁੱਕੀ ਬਰਾਮਦ ਕੀਤੀ ਹੈ। ਜਦਕਿ ਭੁੱਕੀ ਦੀ ਖੇਪ ਲਿਜਾ ਰਹੇ ਟਰੈਕਟਰ-ਟਰਾਲੀ ਸਵਾਰ ਦੋ ਵਿਅਕਤੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ। ਪੁਲਿਸ ਨੇ ਫਰਾਰ ਹੋਏ ਕਥਿਤ ਦੋ ਦੋਸ਼ੀਆਂ ਦੀ ਪਹਿਚਾਣ ਕਰਨ ਬਾਅਦ ਉਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਗਿਰਫਤਾਰ ਕਰਨ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।

ਭੁੱਕੀ ਬਰਾਮਦਗੀ ਸਬੰਧੀ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਆਈ.ਜੀ ਜਲੰਧਰ ਜ਼ੋਨ ਅਰਪਿਤ ਸ਼ੁਕਲਾ ਅਤੇ ਡੀ.ਆਈ.ਜੀ ਲੁਧਿਆਣਾ ਰੇਂਜ ਗੁਰਸ਼ਰਨ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਵਿਰੁੱਧ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਪਾਰਟੀ ਵੱਲੋਂ ਪਿੰਡ ਸ਼ੇਰਪੁਰ ਕਲਾਂ ਦੇ ਪੁਲ ਸੂਆ ਉਪਰ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪਿੰਡ ਸ਼ੇਰਪੁਰ ਕਲਾਂ ਵਾਲੀ ਸਾਈਡ ਤੋਂ ਆ ਰਹੇ ਬਿਨਾਂ ਨੰਬਰ ਪਲੇਟ ਵਾਲੇ ਇੱਕ ਫੋਰਡ ਟਰੈਕਟਰ ਰੰਗ ਨੀਲਾ ਸਮੇਤ ਟਰਾਲੀ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਪੁਲ ਤੋਂ ਕੁਝ ਦੂਰੀ ਪਿੱਛੇ ਹੀ ਟਰੈਕਟਰ ਉਪਰ ਸਵਾਰ ਦੋ ਵਿਅਕਤੀ ਪੁਲਿਸ ਨੂੰ ਦੇਖ ਕੇ ਟਰੈਕਟਰ-ਟਰਾਲੀ ਛੱਡ ਕੇ ਮੌਕੇ ਤੋਂ ਭੱਜ ਗਏ।

ਇਸ ਦੇ ਬਾਅਦ ਜਦੋਂ ਪੁਲਿਸ ਮੁਲਾਜਮਾਂ ਨੇ ਟਰੈਕਟਰ-ਟਰਾਲੀ ਦੀ ਚੈਕਿੰਗ ਕੀਤੀ ਤਾਂ ਟਰਾਲੀ 'ਚ ਲੱਦੀਆਂ ਹੋਈਆਂ 85 ਬੋਰੀਆਂ ਚੋਂ 29 ਕੁਇੰਟਲ 75 ਕਿੱਲੋ ਭੁੱਕੀ (ਚੂਰਾ ਪੋਸਤ) ਬਰਾਮਦ ਹੋਈ, ਹਰੇਕ ਬੋਰੀ 'ਚ 35 ਕਿੱਲੋ ਭੁੱਕੀ ਭਰੀ ਹੋਈ ਸੀ। ਜਿਸਦੇ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਟਰੈਕਟਰ ਟਰਾਲੀ ਛੱਡ ਕੇ ਫਰਾਰ ਹੋਏ ਵਿਅਕਤੀਆਂ ਦੀ ਪਹਿਚਾਣ ਹਰਮੇਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਹਠੂਰ ਅਤੇ ਗੁਰਪਰਮਜੀਤ ਸਿੰਘ ਉਰਫ ਪਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਸਿੱਧਵਾਂ ਕਾਲਜ ਵਜੋਂ ਹੋਈ ਹੈ, ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ।

ਜ਼ਿਲ੍ਹਾ ਦਿਹਾਤੀ ਦੇ ਐਸ.ਐਸ.ਪੀ ਸੁਰਜੀਤ ਸਿੰਘ ਨੇ ਦੱਸਿਆ ਫਰਾਰ ਹੋਏ ਕਥਿਤ ਦੋਸ਼ੀਆਂ ਨੂੰ ਗਿਰਫਤਾਰ ਕਰਨ ਸਬੰਧੀ ਉਨ੍ਹਾਂ ਦੇ ਸੰਭਾਵਿਤ ਠਿਕਾਣਿਆਂ ਤੇ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ, ਜਿਨ੍ਹਾਂ ਪਾਸੋਂ ਹੋਰ ਵੀ ਭਾਰੀ ਮਾਤਰਾ ਵਿੱਚ ਰਿਕਵਰੀ ਹੋਣ ਦੀ ਸੰਭਾਵਨਾ ਹੈ।