ਮੇਲੇ ਵਿੱਚ ਕਾਨਫ਼ਰੰਸਾਂ ਦੇ ਵਿਰੁੱਧ ਸਤਿਕਾਰ ਕਮੇਟੀ ਨੇ ਲਗਾਇਆ ਧਰਨਾ

Last Updated: Jan 13 2018 18:26

ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਤੇ ਹੋਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਦੇ ਵਿਰੋਧ ਵਿੱਚ ਸਤਿਕਾਰ ਕਮੇਟੀ ਵੱਲੋਂ ਧਰਨਾ ਲਗਾਇਆ ਗਿਆ ਹੈ। ਸਤਿਕਾਰ ਕਮੇਟੀ ਮੈਂਬਰਾਂ ਦੇ ਅਨੁਸਾਰ ਕੁਝ ਸਿਆਸੀ ਪਾਰਟੀਆਂ ਵੱਲੋਂ ਇਤਿਹਾਸਿਕ ਅਤੇ ਸ਼ਹੀਦੀ ਜੋੜ ਮੇਲਿਆਂ ਨੂੰ ਰਾਜਨੀਤੀ ਦਾ ਅਖਾੜਾ ਬਣਾ ਕੇ ਵਰਤਿਆ ਜਾ ਰਿਹਾ ਹੈ। ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਅੱਜ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫ਼ਰੰਸ ਵਾਲੀ ਜਗ੍ਹਾ ਵੱਲ ਜਾ ਕੇ ਵਿਰੋਧ ਪ੍ਰਦਰਸ਼ਨ ਦੀ ਕੋਸ਼ਿਸ਼ ਹੋ ਰਹੀ ਸੀ। ਇਸ ਦੌਰਾਨ ਪੁਲਿਸ ਵੱਲੋਂ ਕਮੇਟੀ ਮੈਂਬਰਾਂ ਨੂੰ ਬਾਈਪਾਸ ਦੇ ਨਜਦੀਕ ਹੀ ਰੋਕ ਦਿੱਤਾ ਗਿਆ ਹੈ ਅਤੇ ਕਾਨਫ਼ਰੰਸ ਵਾਲੀ ਜਗ੍ਹਾ ਦੇ ਕੋਲ ਨਹੀਂ ਜਾਣ ਦਿੱਤਾ ਗਿਆ। ਇਸ ਸਭ ਤੋਂ ਗ਼ੁੱਸੇ ਵਿੱਚ ਆਏ ਕਮੇਟੀ ਮੈਂਬਰਾਂ ਦੇ ਵੱਲੋਂ ਬਾਈਪਾਸ ਤੇ ਹੀ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜੋਕਿ ਖ਼ਬਰ ਲਿਖੇ ਜਾਣ ਤੱਕ ਜਾਰੀ ਹੈ। ਫਿਲਹਾਲ ਪ੍ਰਸ਼ਾਸਨ ਵੱਲੋਂ ਇਸ ਮਸਲੇ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।