ਰੇਲਵੇ ਅੰਡਰ ਬ੍ਰਿਜ ਦਾ ਸਾਬਕਾ ਮੰਤਰੀ ਜ਼ੀਰਾ ਨੇ ਕੀਤਾ ਉਦਘਾਟਨ..!!!

Gurpreet Singh Josan
Last Updated: Jan 13 2018 18:15

ਕਸਬਾ ਮੱਲਾਂਵਾਲਾ ਦੇ ਪਿੰਡ ਸੁੱਧ ਸਿੰਘ ਵਾਲਾ ਵਿਖੇ ਰੇਲਵੇ ਫਾਟਕ 'ਤੇ ਅੰਡਰ ਬ੍ਰਿਜ ਬਣਨ ਨਾਲ ਲਗਭਗ 15 ਪਿੰਡਾਂ ਨੂੰ ਸਹੂਲਤ ਮੁਹੱਈਆਂ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਪੰਜਾਬ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਰੇਲਵੇ ਅੰਡਰ ਬਰਿਜ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਨੇ ਦੱਸਿਆ ਕਿ ਰੇਲਵੇ ਬੁਰਜੀ ਨੰਬਰ 111 ਦਾ ਅੰਡਰ ਬ੍ਰਿਜ ਬਣਨ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ ਅਤੇ ਜਲਦੀ ਹੀ ਕਾਲੂ ਵਾਲਾ ਲਿੰਕ ਸੜਕ ਨੂੰ ਵੀ ਇਸ ਨਾਲ ਜੋੜਿਆ ਜਾਵੇਗਾ। ਜਥੇਦਾਰ ਜ਼ੀਰਾ ਨੇ ਕਿਹਾ ਕਿ ਇਸ ਫਾਟਕ 'ਤੇ ਪਿਛਲੇ ਲੰਮੇ ਸਮੇਂ ਤੋਂ ਹਾਦਸੇ ਹੋ ਰਹੇ ਹਨ ਅਤੇ ਸਾਲ ਵਿੱਚ ਦੋ-ਤਿੰਨ ਵਿਅਕਤੀ ਇਸ ਫਾਟਕ ਦਾ ਸ਼ਿਕਾਰ ਹੁੰਦੇ ਸਨ।

ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਸਮੇਂ ਤੋਂ ਹੀ ਲੋਕ ਇਸ ਫਾਟਕ 'ਤੇ ਅੰਦਰ ਬ੍ਰਿਜ ਬਣਾਉਣ ਦੀ ਮੰਗ ਕਰ ਰਹੇ ਸਨ ਪਰ ਅਕਾਲੀ ਸਰਕਾਰ ਵੇਲੇ ਕਸਬਾ ਮੱਲਾਂਵਾਲਾ ਦੇ ਲੋਕਾਂ ਦੀ ਇਹ ਫਰਿਆਦ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ ਤਾਂ ਉਨ੍ਹਾਂ ਪੰਜਾਬ ਵਿਚ ਅਨੇਕਾਂ ਹੀ ਵਿਕਾਸ ਦੇ ਕੰਮ ਜੋ ਰੁਕੇ ਪਏ ਸੀ, ਨੂੰ ਸ਼ੁਰੂ ਕਰਵਾਇਆ ਅਤੇ ਇਸ ਅੰਡਰ ਬਰਿਜ਼ ਬਾਰੇ ਲੋਕਾਂ ਵਲੋਂ ਜਨਵਰੀ ਮਹੀਨੇ ਵਿੱਚ ਉਨ੍ਹਾਂ ਨੂੰ ਲਿਖਤੀ ਪੱਤਰ ਭੇਜਿਆ ਸੀ। ਮੰਗ ਕੀਤੀ ਸੀ ਕਿ ਇਹ ਅੰਡਰ ਬਰਿਜ਼ ਬਣਾਇਆ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਲੋਕਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਕੁੱਝ ਹੀ ਮਹੀਨਿਆਂ ਵਿੱਚ ਰੇਲਵੇ ਅੰਡਰ ਬਰਿਜ਼ ਬਣਾ ਦਿੱਤਾ ਗਿਆ ਹੈ। ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਕਸਬਾ ਮੱਲਾਂਵਾਲਾ ਨਿਵਾਸੀ ਲੋਕਾਂ ਨੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ।