ਪਹਿਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਤੇ ਹੁਣ ਲੋਹੜੀ ਦੇਣ ਤੋਂ ਵੀ ਮੁਕਰੀ ਸਰਕਾਰ..!!!!

Last Updated: Jan 13 2018 18:11

ਵੋਟਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਤੋਂ ਬਾਅਦ 10 ਮਹੀਨੇ ਬੀਤ ਜਾਣ 'ਤੇ ਇੱਕ ਵਾਰ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨਾ ਕਾਂਗਰਸ ਪਾਰਟੀ ਦੀ ਕਥਿਤ ਤੌਰ 'ਤੇ ਨੌਜਵਾਨ ਮੁਲਾਜ਼ਮਾਂ ਪ੍ਰਤੀ ਮਾੜੀ ਨੀਅਤ ਨੂੰ ਦਰਸਾਉਂਦਾ ਹੈ। ਸਰਕਾਰ ਬਣਨ ਤੋਂ ਬਾਅਦ ਵਾਰ-ਵਾਰ ਸਰਕਾਰ ਨੂੰ ਬੇਨਤੀਆਂ ਕਰਨ ਤੋਂ ਬਾਅਦ ਸੰਘਰਸ਼ ਦੇ ਰਾਹ ਪਏ ਮੁਲਾਜ਼ਮਾਂ ਦੀ ਗੱਲਬਾਤ ਨਾ ਸੁਣਨ 'ਤੇ ਮੁਲਾਜ਼ਮਾਂ ਵੱਲੋਂ ਤਿਉਹਾਰ ਦੇ ਦਿਨ ਵੱਖਰੇ ਢੰਗ ਦਾ ਪ੍ਰਦਰਸ਼ਨ ਕਰਨ ਦਾ ਮਨ ਬਣਾਇਆ। ਠੇਕਾ ਮੁਲਾਜ਼ਮਾਂ ਵੱਲੋਂ ਨਵੇਂ ਸਾਲ ਵਾਲੇ ਦਿਨ ਸਰਕਾਰ ਨੂੰ ਯਾਦ ਪੱਤਰ ਦੇਣ ਤੋਂ ਬਾਅਦ ਅੱਜ ਪੀਪੇ ਖੜਕਾ ਕੇ ਵਿਧਾਇਕਾਂ ਤੇ ਮੰਤਰੀਆਂ ਘਰ ਲੋਹੜੀ ਮੰਗਣ ਦਾ ਮਨ ਬਣਾਇਆ।

ਅੱਜ ਠੇਕਾ ਮੁਲਾਜ਼ਮਾਂ ਵੱਲੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਘਰ ਪੀਪੇ ਖੜਕਾ ਕੇ 'ਐਮਐੱਏ ਸਾਹਿਬ ਸਾਨੂੰ ਲੋਹੜੀ ਪਾਓ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਓ' ਦਾ ਨਾਅਰਾ ਲਗਾਕੇ ਲੋਹੜੀ ਮੰਗਣੀ ਸੀ, ਪਰ ਅੱਜ ਜਦੋਂ ਮੁਲਾਜ਼ਮ ਇਕੱਠੇ ਹੋਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਘਰ ਪਹੁੰਚੇ ਤਾਂ ਵਿਧਾਇਕ ਦੇ ਘਰ ਨਾ ਹੀ ਵਿਧਾਇਕ ਸਾਹਿਬ ਮੌਜ਼ੂਦ ਸਨ ਅਤੇ ਨਾ ਹੀ ਕੋਈ ਹੋਰ ਕਾਂਗਰਸੀ ਨੁਮਾਇੰਦਾ। ਜਿਸਤੋਂ ਰੋਸ ਵਿੱਚ ਆਏ ਮੁਲਾਜ਼ਮਾਂ ਵੱਲੋਂ ਵਿਧਾਇਕ ਦੇ ਘਰ ਦੇ ਬਾਹਰ 'ਹੁੱਕਾਂ ਬੀ ਹੁੱਕਾਂ ਸਾਡਾ ਵਿਧਾਇਕ ਭੁੱਖਾ' ਦਾ ਨਾਅਰਾ ਲਗਾਇਆ। ਮੁਲਾਜ਼ਮਾਂ ਵੱਲੋਂ ਮੰਗ ਪੱਤਰ ਵਿਧਾਇਕ ਪਿੰਕੀ ਦੇ ਘਰ ਦੇ ਬਾਹਰ ਗੇਟ 'ਤੇ ਟੰਗ ਦਿੱਤਾ ਗਿਆ।

10 ਮਹੀਨਿਆਂ ਦੇ ਰਾਜ ਦੌਰਾਨ ਕਾਂਗਰਸ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਮੁਲਾਜ਼ਮਾਂ ਨੂੰ ਸਿਰਫ ਫੋਕੇ ਲਾਰੇ ਹੀ ਮਿਲੇ ਹਨ। ਇਸ ਮੌਕੇ 'ਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਸਰਬਜੀਤ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਵੱਲੋਂ ਸਮੇਂ-ਸਮੇਂ 'ਤੇ 6 ਵਾਰ ਮੀਟਿੰਗ ਦੇ ਵਾਅਦੇ ਕੀਤੇ ਗਏ, ਪਰ ਇੱਕ ਵਾਰ ਵੀ ਮੀਟਿੰਗ ਨਹੀਂ ਕਰਵਾ ਸਕੇ। ਜੇਕਰ 10 ਮਹੀਨਿਆ ਦੌਰਾਨ ਸਰਕਾਰ ਮੁਲਾਜ਼ਮਾਂ ਨਾਲ ਇੱਕ ਵੀ ਮੀਟਿੰਗ ਨਹੀਂ ਕਰ ਸਕੀ ਤਾਂ ਸਰਕਾਰ ਨੇ ਮੁਲਾਜ਼ਮਾਂ ਦੀਆ ਮੰਗਾਂ ਕੀ ਮੰਨਣੀਆਂ ਹਨ। ਉਨ੍ਹਾਂ ਕਿਹਾ ਕਿ ਲੋਹੜੀ ਦੇ ਤਿਉਹਾਰ 'ਤੇ ਲੋਕ ਢੋਲ ਖੜਕਾ ਕੇ ਖੁਸ਼ੀ ਮਨਾਉਂਦੇ ਹਨ ਅਤੇ ਖੁਸ਼ੀ ਵਿਚ ਲੋਹੜੀ ਮੰਗਦੇ ਹਨ ਪਰ ਕਾਂਗਰਸ ਸਰਕਾਰ ਨੇ 10 ਮਹੀਨਿਆਂ ਦੇ ਰਾਜ ਵਿਚ ਮੁਲਾਜ਼ਮਾਂ ਨੂੰ ਇਨ੍ਹਾਂ ਔਖਾ ਕਰ ਦਿੱਤਾ ਹੈ ਕਿ ਅੱਜ ਕੱਚੇ ਮੁਲਾਜ਼ਮ ਪੀਪੇ ਖੜਕਾ ਕੇ ਲੋਹੜੀ ਮੰਗਣ ਨੂੰ ਮਜ਼ਬੂਰ ਹੋਏ ਹਨ।