ਮਾਇਕਾ ਕੰਪਨੀ ਦੇ ਦੋ ਅਧਿਕਾਰੀ ਭੇਜੇ ਜੇਲ੍ਹ, ਨੌਕਰੀ ਦੇ ਨਾਂਅ 'ਤੇ ਠੱਗੀ ਦਾ ਦੋਸ਼

Last Updated: Jan 13 2018 18:13

ਨਰਸਿੰਗ ਖੇਤਰ ਨਾਲ ਜੁੜੇ ਮੁੰਡੇ-ਕੁੜੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮਾਇਕਾ ਕੰਪਨੀ ਦੇ ਦੋ ਅਧਿਕਾਰੀਆਂ ਨੂੰ ਪੁਲਿਸ ਨੇ ਅਦਾਲਤ ਤੋਂ ਮਿਲੇ ਪੁਲਿਸ ਰਿਮਾਂਡ ਬਾਅਦ ਮੁੜ ਅਦਾਲਤ 'ਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਦੋਵੇਂ ਅਧਿਕਾਰੀਆਂ ਨੂੰ ਨਿਆਇਕ ਹਿਰਾਸਤ ਦੌਰਾਨ ਜੇਲ੍ਹ ਭੇਜ ਦਿੱਤਾ ਹੈ। 

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਾਇਕਾ ਐਚ.ਆਰ ਸੈਲੁਸ਼ਨ ਪ੍ਰਾਈਵੇਟ ਲਿਮਿਟੇਡ ਕੰਪਨੀ ਦੇ ਦੋ ਅਧਿਕਾਰੀ ਮਨੀਸ਼ ਕੁਮਾਰ ਅਤੇ ਸੌਰਵ ਸਿੰਘ ਨੂੰ ਕਾਬੂ ਕਰ ਅਬੋਹਰ ਸਬ ਡਿਵੀਜ਼ਨ ਦੇ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਪੁੱਛ-ਗਿੱਛ ਲਈ ਪੁਲਿਸ ਰਿਮਾਂਡ 'ਤੇ ਭੇਜਿਆ। ਪੁਲਿਸ ਦੇ ਅਨੁਸਾਰ ਪੁਲਿਸ ਨੇ ਰਿਮਾਂਡ ਦੌਰਾਨ ਉਨ੍ਹਾਂ ਤੋਂ ਕਾਫ਼ੀ ਦਸਤਾਵੇਜ਼ ਅਤੇ ਨਗਦੀ ਬਰਾਮਦ ਕੀਤੀ। ਥਾਣਾ ਸਿਟੀ 1 ਦੇ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। 

ਪੁਲਿਸ ਰਿਮਾਂਡ ਸਮਾਪਤ ਹੋਣ ਤੋਂ ਬਾਅਦ ਦੋਵਾਂ ਆਰੋਪੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਨੌਜਵਾਨਾਂ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਰੁਪਏ ਬਟੋਰਨ ਦੇ ਦੋਸ਼ ਵਿੱਚ ਥਾਣਾ ਸਿਟੀ 1 ਦੀ ਪੁਲਿਸ ਨੇ ਮਾਇਕਾ ਕੰਪਨੀ ਦੇ ਦੋ ਅਧਿਕਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਗੁਰਪ੍ਰੀਤ ਕੰਬੋਜ ਦੇ ਬਿਆਨਾਂ ਉੱਪਰ ਉਕਤ ਕੰਪਨੀ ਦੇ ਦੋ ਅਧਿਕਾਰੀਆਂ ਖ਼ਿਲਾਫ਼ ਅਧੀਨ ਧਾਰਾ 420 ਅਤੇ 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਇਨ੍ਹਾਂ ਅਧਿਕਾਰੀਆਂ 'ਤੇ ਦੋਸ਼ ਹੈ ਕਿ ਇਹ ਲੋਕ ਏ.ਐਨ.ਐਮ/ਜੀ.ਐਨ.ਐਮ, ਆਸ਼ਾ ਵਰਕਰ, ਬੀ.ਐਸ.ਸੀ ਲੜਕੇ-ਲੜਕੀਆਂ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਰੁਪਏ ਵਸੂਲ ਕਰ ਰਹੇ ਸਨ। ਪੁਲਿਸ ਅਨੁਸਾਰ ਲੋਕਾਂ ਨੂੰ ਬਾਅਦ 'ਚ ਪਤਾ ਲੱਗਿਆਂ ਕਿ ਕੰਪਨੀ ਉਨ੍ਹਾਂ ਨੂੰ ਕਥਿਤ ਤੌਰ 'ਤੇ ਠੱਗੀ ਦਾ ਸ਼ਿਕਾਰ ਬਣਾ ਰਹੀ ਹੈ।