ਕੁੜੀ ਨੂੰ ਭਜਾ ਲੈ ਗਿਆ ਬਿਹਾਰੀ ਨੌਜਵਾਨ

Last Updated: Jan 13 2018 17:13

ਪਟਿਆਲਾ ਵਿੱਚ ਬਿਹਾਰੀ ਨੌਜਵਾਨ ਵੱਲੋਂ ਮਹਿਜ਼ 14 ਸਾਲਾਂ ਦੀ ਇੱਕ ਅੱਲ੍ਹੜ ਪੂਰਬਣ ਕੁੜੀ ਰਜ਼ੀਆ (ਅਸਲੀ ਨਾਮ ਨਹੀਂ) ਨੂੰ ਘਰੋਂ ਭਜਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੌਜਵਾਨ ਦੀ ਪਹਿਚਾਣ ਪਿੰਡ ਕਾਪਗੋਲਮਾ ਜ਼ਿਲ੍ਹਾ ਸਾਰਸਾ ਦੇ ਤੌਰ 'ਤੇ ਹੋਈ ਹੈ। ਰਾਜੂ ਪਿਛਲੇ ਲੰਮੇ ਸਮੇਂ ਤੋਂ ਪਟਿਆਲਾ ਦੇ ਭਾਰਤ ਨਗਰ ਵਿਖੇ ਸਥਿਤ ਇੱਕ ਕਿਰਾਏ ਦੇ ਘਰ 'ਚ ਰਹਿੰਦਾ ਸੀ ਜਦਕਿ ਜਿਸ ਪੂਰਬਣ ਕੁੜੀ ਨੂੰ ਉਹ ਭਜਾ ਲੈ ਗਿਆ ਹੈ ਉਹ ਵੀ ਉਸ ਦੇ ਘਰ ਦੇ ਨਾਲ ਹੀ ਆਪਣੇ ਹੋਰਨਾਂ ਪਰਿਵਾਰਿਕ ਮੈਂਬਰਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।

ਥਾਣਾ ਤ੍ਰਿਪੜੀ ਪੁਲਿਸ ਨੇ ਰਾਜੂ ਦੇ ਖ਼ਿਲਾਫ਼ ਧਾਰਾ 363 ਅਤੇ 366-ਏ ਦੇ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਦਰਜ ਮੁਕੱਦਮੇ ਦੇ ਅਨੁਸਾਰ ਲੰਘੀ ਰਾਤ ਰਜ਼ੀਆ ਆਪਣੇ ਪਰਿਵਾਰ ਮੈਂਬਰਾਂ ਨਾਲ ਆਪਣੇ ਘਰ ਵਿੱਚ ਹੀ ਸੁੱਤੀ ਪਈ ਸੀ। ਅੱਜ ਤੜਕਸਾਰ ਰਜ਼ੀਆ ਆਪਣੇ ਮੰਜੇ 'ਤੇ ਨਹੀਂ ਸੀ। ਉਸ ਦੇ ਮਾਤਾ-ਪਿਤਾ ਨੇ ਆਸ-ਪਾਸ ਦੇ ਘਰਾਂ ਅਤੇ ਇਲਾਕੇ ਦੇ ਮੰਦਰ ਵਿੱਚ ਉਸ ਦੀ ਤਲਾਸ਼ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਜਦੋਂ ਉਨ੍ਹਾਂ ਨੇ ਸ਼ੱਕ ਦੇ ਅਧਾਰ 'ਤੇ ਭਾਰਤ ਨਗਰ ਵਿੱਚ ਹੀ ਰਹਿਣ ਵਾਲੇ ਰਾਜੂ ਦੇ ਘਰ ਜਾ ਕੇ ਵੇਖਿਆ ਤਾਂ ਰਾਜੂ ਵੀ ਘਰ ਵਿੱਚ ਮੌਜੂਦ ਨਹੀਂ ਸੀ। ਕਿਸੇ ਤੋਂ ਪਤਾ ਲੱਗਾ ਕਿ ਉਹ ਤਾਂ ਅੱਜ ਤੜਕਸਾਰ ਆਪਣਾ ਬੈਗ ਚੁੱਕ ਕੇ ਕਿਧਰੇ ਚਲਾ ਗਿਆ ਸੀ। 

ਜਿਸ 'ਤੇ ਰਜ਼ੀਆ ਦੇ ਪਰਿਵਾਰਿਕ ਮੈਂਬਰਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਰਾਜੂ ਹੀ ਉਨ੍ਹਾਂ ਦੀ ਕੁੜੀ ਰਜ਼ੀਆ ਨੂੰ ਘਰੋਂ ਭਜਾ ਲੈ ਗਿਆ ਹੈ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਫ਼ਰਾਰ ਹੋਏ ਮੁੰਡਾ-ਕੁੜੀ ਦੀ ਤਲਾਸ਼ ਵਿੱਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।