ਪਿਸਟਲ ਦੀ ਨੋਕ ਤੇ ਅਗਵਾ ਕਰਕੇ ਖੋਹੇ 25 ਹਜ਼ਾਰ ਰੁਪਏ

Last Updated: Jan 13 2018 16:56

ਨਰਵਾਣਾ ਬਾਈਪਾਸ ਤੋਂ ਕਾਰ ਸਵਾਰ ਕੁਝ ਬੰਦਿਆਂ ਵੱਲੋਂ ਪਿਸਟਲ ਦੀ ਨੋਕ ਤੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਸ ਤੋਂ 25 ਹਜ਼ਾਰ ਰੁਪਏ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਹੋਏ ਵਿਅਕਤੀ ਦੀ ਪਹਿਚਾਣ ਪਿੰਡ ਤਰਖਾਣ ਮਾਜਰਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਦੇ ਤੌਰ ਤੇ ਹੋਈ ਹੈ। ਉਕਤ ਵਾਰਦਾਤ ਦੇ ਬਾਅਦ ਸੁਖਦੇਵ ਸਿੰਘ ਆਪਣੀ ਹੁਸ਼ਿਆਰੀ ਨਾਲ ਮੁਲਜ਼ਮਾਂ ਦੇ ਚੁੰਗਲ 'ਚੋਂ ਸਹੀ ਸਲਾਮਤ ਬਚ ਨਿਕਲ ਜਾਣ ਵਿੱਚ ਕਾਮਯਾਬ ਹੋ ਗਿਆ। 

ਸੁਖਦੇਵ ਸਿੰਘ ਨੇ ਆਪਣੀ ਸਾਰੀ ਹੱਡਬੀਤੀ ਬਿਆਨ ਕਰਦਿਆਂ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਜਿਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਹੋਇਆ ਹੈ ਉਨ੍ਹਾਂ ਵਿੱਚ ਪਿੰਡ ਚੁਨਾਗਰਾ ਨਿਵਾਸੀ ਲਲਿਤ ਕਮਾਰ, ਹਮਝੇੜੀ  ਨਿਵਾਸੀ ਹਰਮੇਸ਼ ਸਿੰਘ, ਪਿੰਡ ਦਿਓਗੜ ਨਿਵਾਸੀ ਪ੍ਰੇਮ ਸਿੰਘ ਅਤੇ ਇਨ੍ਹਾਂ ਦੇ ਦੋ ਹੋਰ ਅਣਪਛਾਤੇ ਸਾਥੀ ਸ਼ਾਮਲ ਹਨ। 

ਸੁਖਦੇਵ ਸਿੰਘ ਦਾ ਦਾਅਵਾ ਹੈ ਕਿ ਉਕਤ ਮੁਲਜ਼ਮਾਂ ਨੇ ਉਸਨੂੰ ਫ਼ੋਨ ਕਰਕੇ ਨਰਵਾਣਾ ਬਾਈਪਾਸ ਤੇ ਆਉਣ ਲਈ ਕਿਹਾ ਸੀ, ਜਦੋਂ ਉਹ ਉੱਥੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸਨੂੰ ਜਬਰਨ ਚੁੱਕ ਕੇ ਆਪਣੀ ਗੱਡੀ ਵਿੱਚ ਸੁੱਟ ਲਿਆ ਅਤੇ ਉਸਨੂੰ ਅਗਵਾ ਕਰਕੇ ਸਮਾਣਾ ਰੋਡ ਤੇ ਸਥਿਤ ਸਿੱਧੂ ਢਾਬੇ ਤੇ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਪਾਸੋਂ 25 ਹਜ਼ਾਰ ਰੁਪਏ ਨਗਦ, ਉਸਦਾ ਏ.ਟੀ.ਐੱਮ. ਕਾਰਡ, ਮੋਬਾਈਲ ਫ਼ੋਨ ਤੇ ਸ਼ਨਾਖਤੀ ਕਾਰਡ ਖੋਹ ਲਏ। ਸੁਖਦੇਵ ਸਿੰਘ ਦਾ ਇਲਜ਼ਾਮ ਹੈ ਕਿ ਉਕਤ ਮੁਲਜ਼ਮਾਂ ਨੇ ਉਸਨੂੰ ਜਾਨੋਂ ਮਾਰ ਦੇਣਾ ਸੀ ਅਗਰ ਉਹ ਹਿੰਮਤ ਤੋਂ ਕੰਮ ਲੈ ਕੇ ਉਨ੍ਹਾਂ ਦੇ ਚੁੰਗਲ 'ਚੋਂ ਬਚ ਨਾ ਨਿਕਲਦਾ। 

ਪਾਤੜਾਂ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਧਾਰਾ 365, 384, 342, 323, 148, 148 ਅਤੇ ਅਸਲਾ ਐਕਟ ਦੇ ਤਹਿਤ ਮੁਕੱਦਮਾ ਨੰਬਰ 07 ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਕਿ ਇਸ ਗੱਲ ਨੂੰ ਮੁਕੱਦਮੇ ਦਾ ਹਿੱਸਾ ਨਹੀਂ ਬਣਾਇਆ ਗਿਆ ਪਤ ਸੂਤਰਾਂ ਅਨੁਸਾਰ ਸੁਖਦੇਵ ਸਿੰਘ ਅਤੇ ਮੁਲਜ਼ਮ ਧਿਰ ਨਜਾਇਜ਼ ਸ਼ਰਾਬ ਦੇ ਕਾਰੋਬਾਰੀ ਹਨ ਅਤੇ ਸੁਖਦੇਵ ਸਿੰਘ ਮੁਲਜ਼ਮਾਂ ਤੋਂ ਨਜਾਇਜ਼ ਸ਼ਰਾਬ ਲੈ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਸੀ। ਸੂਤਰਾਂ ਦਾ ਮੰਨਣਾ ਹੈ ਕਿ ਸੁਖਦੇਵ ਸਿੰਘ ਨੇ ਮੁਲਜ਼ਮਾਂ ਦੇ ਪੈਸੇ ਦੇਣੇ ਸਨ ਜਿਸਦੇ ਚੱਲਦਿਆਂ ਮੁਲਜ਼ਮਾਂ ਨੇ ਉਸਨੂੰ ਅਗਵਾ ਕਰਕੇ ਉਸ ਤੋਂ ਜਬਰਨ ਵਸੂਲ ਕਰ ਲਏ। ਪੁਲਿਸ ਦੀ ਜਾਂਚ ਜਾਰੀ ਹੈ।