ਪਾਬੰਦੀਆਂ ਦੇ ਬਾਵਜੂਦ, ਪਟਿਆਲੇ ਦੇ ਬਾਜ਼ਾਰਾਂ 'ਚ ਵਿੱਕ ਰਹੀ ਹੈ ਚੀਨੀ ਡੋਰ

Last Updated: Jan 13 2018 16:39

ਚੀਨੀ ਡੋਰ ਦੇ ਨੁਕਸਾਨ ਅਸੀਂ ਸਾਰੇ ਬਾਖ਼ੂਬੀ ਜਾਣ ਚੁੱਕੇ ਹਾਂ। ਪ੍ਰਸ਼ਾਸਨ ਝੂਠੇ ਮੂੰਹੋਂ ਇਸ ਉੱਪਰ ਰੋਕ ਵੀ ਲਗਾ ਚੁੱਕਿਆ ਹੈ। ਪਰ ਇਸ ਰੋਕ ਦਾ ਕੋਈ ਖ਼ਾਸ ਅਸਰ ਹੁੰਦਾ ਦਿੱਖ ਨਹੀਂ ਰਿਹਾ। ਇਸ ਸਬੰਧੀ ਜ਼ਿੰਮੇਵਾਰੀ ਸਿੱਧੀ ਪ੍ਰਸ਼ਾਸਨ ਦੀ ਬਣਦੀ ਹੈ ਜੋ ਕਿ ਆਪਣੇ ਹੁਕਮ ਹੀ ਸੁਚਾਰੂ ਨਹੀਂ ਕਰਵਾ ਰਿਹਾ। ਲਗਦਾ ਹੈ ਸਾਰਾ ਜ਼ੋਰ ਰਾਜਾ ਸਾਹਿਬ ਨੇ 26 ਜਨਵਰੀ ਨੂੰ ਪਟਿਆਲਾ ਆਉਣ ਦੀ ਖ਼ੁਸ਼ੀ ਵਿੱਚ ਹੀ ਲੱਗਾ ਹੈ। ਖ਼ੈਰ ਦਸ ਦਿੱਤਾ ਜਾਵੇ ਕਿ ਬਸੰਤ ਪੰਚਮੀ ਨੇੜੇ ਹੈ ਅਤੇ ਪਟਿਆਲਾ ਵਿੱਚ ਹੋਰਨਾਂ ਜਗਾਵਾਂ ਦੀ ਤਰ੍ਹਾਂ ਇਸ ਦਿਨ ਪਤੰਗਬਾਜ਼ੀ ਕਰਨ ਦੀ ਰਿਵਾਇਤ ਹੈ। ਜਦੋਂ ਤੋਂ ਬਾਜ਼ਾਰ ਵਿੱਚ ਚੀਨੀ ਡੋਰ ਆਈ ਹੈ ਉਦੋਂ ਤੋਂ ਬੱਚਿਆਂ ਵਿੱਚ ਇਸ ਦਾ ਰੁਝਾਨ ਵਧਿਆ ਹੈ। ਸਸਤੀ ਹੋਣ ਕਾਰਨ ਇਸ ਨੂੰ ਆਸਾਨੀ ਨਾਲ ਬੱਚੇ ਖ਼ਰੀਦ ਲੈਂਦੇ ਹਨ ਅਤੇ ਇਸ ਦੀ ਜਲਦੀ ਨਾ ਟੁੱਟਣ ਵਾਲੀ ਕਵਾਲਿਟੀ ਇਸ ਨੂੰ ਹੋਰ ਖ਼ਤਰਨਾਕ ਬਣਾਉਂਦੀ ਹੈ। ਇਹ ਡੋਰ ਲੋਕਾਂ ਲਈ ਫੰਦਾ ਬਣੀ ਹੋਈ ਹੈ। ਕਈ ਲੋਕ ਇਸ ਨਾਲ ਹਾਦਸੇ ਦਾ ਸ਼ਿਕਾਰ ਹੋ ਜ਼ਖਮੀ ਹੋ ਚੁੱਕੇ ਹਨ। ਹਾਲਾਂਕਿ ਪ੍ਰਸ਼ਾਸਨ ਨੇ ਇਸ ਨੂੰ ਬੈਨ ਕਰਕੇ ਇੱਕ ਚੰਗਾ ਕਦਮ ਲਿਆ ਹੈ ਪਰ ਇਸ ਨੂੰ ਲਾਗੂ ਕਰਨ ਵਿੱਚ ਦਿਖਾਈ ਜਾ ਰਹੀ ਢਿੱਲ ਬਹੁਗਿਣਤੀ ਸਵਾਲੀਆ ਨਿਸ਼ਾਨ ਪ੍ਰਸ਼ਾਸਨ ਅਤੇ ਕੁਮਾਰ ਅਮਿੱਤ ਐਂਡ ਪਾਰਟੀ 'ਤੇ ਲਗਾਉਂਦੀ ਹੈ।