ਸ਼ੈਲਰਾਂ 'ਚੋਂ ਝੋਨਾ ਚੋਰੀ ਕਰਨ ਵਾਲੇ ਦੋ ਚੋਰ 20 ਬੋਰੀਆਂ ਝੋਨੇ ਸਮੇਤ ਕਾਬੂ

Last Updated: Jan 13 2018 16:13

ਸ਼ੈਲਰਾਂ ਵਿੱਚੋਂ ਝੋਨਾ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਥਾਣਾ ਜ਼ੀਰਾ ਸਿਟੀ ਪੁਲਿਸ ਨੇ 20 ਝੋਨੇ ਦੀਆਂ ਬੋਰੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐਸ.ਆਈ ਭਗਵਾਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਗੋਲਡਨ ਰਾਈਸ ਮਿੱਲ ਜ਼ੀਰਾ ਦੇ ਮਾਲਕ ਰਾਜਿੰਦਰਪਾਲ ਪੁੱਤਰ ਬਲਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਸ਼ੈਲਰ ਵਿੱਚੋਂ ਦੋ ਚੋਰ ਗੁਰਜੰਟ ਸਿੰਘ ਅਤੇ ਗੁਰਪ੍ਰੀਤ ਸਿੰਘ ਝੋਨਾ ਚੋਰੀ ਕਰਕੇ ਲੈ ਗਏ ਹਨ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਉਕਤ ਦੋਵੇਂ ਚੋਰਾਂ ਵਿਰੁੱਧ ਚੋਰੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਚੋਰਾਂ ਦੀ ਭਾਲ ਸ਼ੁਰੂ ਦਿੱਤੀ ਗਈ।

ਪੁਲਿਸ ਨੇ ਦੱਸਿਆ ਕਿ ਬੀਤੇ ਸ਼ਾਮ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਦੋਵੇਂ ਚੋਰ ਗੁਰਜੰਟ ਅਤੇ ਗੁਰਪ੍ਰੀਤ ਝੋਨੇ ਦੀਆਂ ਬੋਰੀਆਂ ਕਿਤੇ ਲੈ ਕੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਮੁਖਬਰ ਤੋਂ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਉਕਤ ਦੱਸੀ ਹੋਈ ਜਗ੍ਹਾ ਤੇ ਛਾਪੇਮਾਰੀ ਕੀਤੀ, ਜਿੱਥੋਂ ਗੁਰਜੰਟ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 20 ਝੋਨੇ ਦੀਆਂ ਬੋਰੀਆਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਉਕਤ ਚੋਰ ਗੁਰਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਲੌਂਗੋਦੇਵਾ ਅਤੇ ਗੁਰਜੰਟ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੰਜ ਗਰਾਂਈ ਹਾਲ ਅਬਾਦ ਮੋਗਾ ਨੂੰ ਕਾਬੂ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।