ਬੇਰੁਜ਼ਗਾਰਾਂ ਨੂੰ ਸਵੈ ਰੋਜ਼ਗਾਰ ਲਈ ਕਰਜ਼ੇ ਦੇਣ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਹੋਈ ਮੀਟਿੰਗ

Last Updated: Jan 13 2018 13:08

ਬੇਰੁਜ਼ਗਾਰ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਕਰਜ਼ੇ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦੇ ਅਹੁਦੇਦਾਰਾਂ ਨਾਲ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਵੱਲੋਂ ਮੀਟਿੰਗ ਕੀਤੀ ਗਈ। ਡੀ.ਸੀ ਬਰਾੜ ਨੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਦਿੱਤੇ ਜਾਣ ਵਾਲੇ ਕਰਜ਼ੇ ਸਬੰਧੀ ਟਾਸਕ ਫੋਰਸ ਨਾਲ ਪ੍ਰੋਜੈਕਟਾਂ ਸਬੰਧੀ ਰਿਪੋਰਟ ਹਾਸਲ ਕੀਤੀ ਅਤੇ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ।

ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਮੀਟਿੰਗ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ, ਪੰਜਾਬ ਖਾਦੀ ਬੋਰਡ ਤੇ ਖਾਦੀ ਕਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਅਧੀਨ ਬੇਰੁਜ਼ਗਾਰਾਂ ਨੂੰ ਕਰਜ਼ੇ ਦੇਣ ਲਈ ਕੁੱਲ 39 ਪ੍ਰੋਜੈਕਟਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੇ ਸ਼ੁਰੂ ਹੋਣ ਨਾਲ 210 ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਲਈ ਵੱਖ-ਵੱਖ ਬੈਂਕਾਂ ਤੋਂ 2 ਕਰੋੜ 9 ਲੱਖ 81 ਹਜ਼ਾਰ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ ਜਿਸ 'ਤੇ 55 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਸਕੀਮ ਅਧੀਨ ਜ਼ਿਲ੍ਹੇ 'ਚ ਸਾਲ 2017-18 ਦੌਰਾਨ 1500 ਬੇਰੁਜ਼ਗਾਰ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ 3 ਕਰੋੜ 71 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।

ਡੀ.ਸੀ ਨੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਵੈ ਰੋਜ਼ਗਾਰ ਯੋਜਨਾ ਅਧੀਨ ਦਿੱਤੇ ਜਾਣ ਵਾਲੇ ਕਰਜ਼ਿਆਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨੂੰ ਕਿਹਾ ਕਿ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਸਕੀਮਾਂ ਅਧੀਨ ਦਿੱਤੇ ਜਾਂਦੇ ਕਰਜ਼ਿਆਂ ਦੇ ਸਕੀਮ ਵਾਈਜ਼ ਬੋਰਡ ਹਰੇਕ ਬੈਂਕ ਦੀ ਬਰਾਂਚ ਵਿੱਚ ਲਗਾਉਣੇ ਯਕੀਨੀ ਬਣਾਏ ਜਾਣ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ 33 ਪ੍ਰੋਜੈਕਟਾਂ ਲਈ 1 ਕਰੋੜ 63  ਲੱਖ 81 ਹਜ਼ਾਰ ਰੁਪਏ ਅਤੇ ਖਾਦੀ ਬੋਰਡ ਵੱਲੋਂ 6 ਪ੍ਰੋਜੈਕਟਾਂ ਲਈ 46 ਲੱਖ ਰੁਪਏ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਪ੍ਰੋਜੈਕਟ ਸ਼ੁਰੂ ਕਰਨ ਵਾਸਤੇ 40 ਲੱਖ ਰੁਪਏ ਤੇ ਪੰਜਾਬ ਖਾਦੀ ਬੋਰਡ ਵੱਲੋਂ 15 ਲੱਖ ਰੁਪਏ ਦੀ ਸਬਸਿਡੀ ਵੰਡੀ ਜਾਵੇਗੀ। 

ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਹਰਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਵਿਭਾਗ ਵੱਲੋਂ ਜਨਰਲ ਕੈਟਾਗਰੀ ਵਰਗ ਦੇ ਲੋਕਾਂ ਲਈ ਸ਼ਹਿਰੀ ਖੇਤਰ ਵਿੱਚ 15 ਫ਼ੀਸਦੀ ਤੇ ਪੇਂਡੂ ਖੇਤਰ ਵਿੱਚ 25 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਜਦਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲੇ, ਓ.ਬੀ.ਸੀ, ਘੱਟ ਗਿਣਤੀ, ਔਰਤਾਂ, ਸਾਬਕਾ ਸੈਨਿਕ ਤੇ ਸਰੀਰਕ ਤੌਰ 'ਤੇ ਹੈਂਡੀਕੈਪਡ ਵਿਅਕਤੀਆਂ ਨੂੰ ਸ਼ਹਿਰੀ ਖੇਤਰ ਲਈ 25 ਫ਼ੀਸਦੀ ਤੇ ਪੇਂਡੂ ਖੇਤਰ ਵਿੱਚ ਆਪਣਾ ਕੰਮ ਸ਼ੁਰੂ ਕਰਨ ਲਈ 35 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਤਰਲੋਚਨ ਸਿੰਘ, ਸਹਾਇਕ ਡਾਇਰੈਕਟਰ ਜ਼ਿਲ੍ਹਾ ਉਦਯੋਗ ਕੇਂਦਰ ਹਰਿੰਦਰਜੀਤ ਸਿੰਘ, ਖਾਦੀ ਬੋਰਡ ਦੇ ਸੁਨੀਲ ਕੁਮਾਰ, ਸਰਪੰਚ ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਮੈਂਬਰ ਮੌਜੂਦ ਸਨ।