ਸਕੂਲੀ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ਵਿੱਚ ਸ਼ਾਮਿਲ ਹੋਣ ਲਈ ਕੀਤਾ ਪ੍ਰੇਰਿਤ

Avtar Gill
Last Updated: Jan 13 2018 13:05

ਵਿਦਿਆਰਥੀਆਂ ਦਾ ਰੁਝਾਨ ਭਾਰਤੀ ਫ਼ੌਜ ਵੱਲ ਹੋਵੇ ਇਸ ਲਈ ਫ਼ੌਜ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਸਕੂਲਾਂ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਫ਼ੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ੌਜ ਵਿੱਚ ਭਰਤੀ ਹੋਕੇ ਵਿਦਿਆਰਥੀ ਜਿੱਥੇ ਆਪਣੇ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਕਰ ਸਕਦੇ ਹਨ ਉੱਥੇ ਹੀ ਦੇਸ਼ ਦੀ ਸੇਵਾ ਕਰਦਿਆਂ ਸਮਾਜ ਵਿੱਚ ਹੋਰਨਾਂ ਨੌਜਵਾਨਾਂ ਦੀ ਸੋਚ ਨੂੰ ਵੀ ਬਦਲਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਇਸ ਸਬੰਧੀ ਸਟਾਲਿਅਨ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ 'ਚ ਇੱਕ ਖ਼ਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਸਕੂਲ ਦੇ ਵਿਦਿਆਰਥੀਆਂ ਲਈ ਭਾਰਤੀ ਥਲ ਫ਼ੌਜ ਵਿੱਚ ਭਰਤੀ ਇੱਕ ਅਨੁਸ਼ਾਸਿਤ ਅਤੇ ਮਹਾਨ ਪੇਸ਼ਾ ਵਿਸ਼ਾ 'ਤੇ ਫ਼ੌਜੀ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

ਅਧਿਕਾਰੀਆਂ ਨੇ ਦੱਸਿਆਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣ ਦਾ ਮੁੱਖ ਟੀਚਾ ਵਿਦਿਆਰਥੀਆਂ ਵਿੱਚ ਸ਼ਸਤਰਬੰਦ ਬਲਾਂ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਫ਼ੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਭਾਰਤੀ ਥਲ ਸੈਨਾ ਵਿੱਚ ਭਰਤੀ ਹੋਣ ਲਈ ਜ਼ਰੂਰੀ ਜਾਣਕਾਰੀ ਸਬੰਧੀ ਛੋਟੀਆਂ ਪੁਸਤਕਾਂ ਵੀ ਵੰਡੀਆਂ ਗਈਆਂ ਅਤੇ ਉਨ੍ਹਾਂ ਨੂੰ ਭਾਰਤੀ ਥਲ ਫ਼ੌਜ ਨਾਲ ਪ੍ਰੇਰਿਤ ਫ਼ਿਲਮ ਵੀ ਵਿਖਾਈ ਗਈ ਤਾਂ ਜੋ ਉਨ੍ਹਾਂ ਵਿੱਚ ਵੀ ਦੇਸ਼ ਪ੍ਰਤੀ ਸੇਵਾ ਭਾਵਨਾ ਪੈਦਾ ਹੋਵੇ ਤੇ ਉਹ ਭਾਰਤੀ ਫ਼ੌਜ ਵਿੱਚ ਸ਼ਾਮਿਲ ਹੋਕੇ ਆਪਣਾ ਫ਼ਰਜ਼ ਨਿਭਾ ਸਕਣ।