ਕਾਰ ਦਾ ਸ਼ੀਸ਼ਾ ਤੋੜ ਕੇ 50 ਹਜਾਰ ਦਾ ਸਮਾਨ ਚੋਰੀ ਕੀਤਾ

Last Updated: Jan 13 2018 12:16

ਧੂਰੀ ਸ਼ਹਿਰ ਸਥਿਤ ਸੰਗਰੂਰ ਵਾਲੀ ਕੋਠੀ ਵਿਖੇ ਪਾਰਕਿੰਗ ਵਿੱਚ ਖੜੀ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਕਰੀਬ ਪੰਜਾਹ ਹਜਾਰ ਦਾ ਸਮਾਨ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਇਸ ਸੰਗਰੂਰ ਵਾਲੀ ਕੋਠੀ ਵਿੱਚ ਉਪ ਕਪਤਾਨ ਪੁਲਿਸ ਧੂਰੀ ਅਤੇ ਸੀਆਈਡੀ ਧੂਰੀ ਦਾ ਦਫ਼ਤਰ ਵੀ ਸਥਿਤ ਹੈ, ਬਾਵਜੂਦ ਇਸ ਦੇ ਚੋਰ ਦਿਨ ਦਿਹਾੜੇ ਇਸ ਚੋਰੀ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਗਏ।

ਜਾਣਕਾਰੀ ਦੇ ਅਨੁਸਾਰ ਪਿੰਡ ਬੱਬਨਪੁਰ ਨਿਵਾਸੀ ਹਰਪ੍ਰੀਤ ਸਿੰਘ ਕੱਲ੍ਹ ਸ਼ਾਮ ਸ਼ਹਿਰ ਵਿਖੇ ਖ਼ਰੀਦਦਾਰੀ ਕਰਨ ਲਈ ਆਏ ਸੀ ਅਤੇ ਇਨ੍ਹਾਂ ਨੇ ਆਪਣੀ ਸਵਿਫ਼ਟ ਡਿਜ਼ਾਇਰ ਕਾਰ ਕਰੀਬ ਸਾਢੇ 4 ਵਜੇ ਸੰਗਰੂਰ ਵਾਲੀ ਕੋਠੀ ਵਿਖੇ ਖੜੀ ਕੀਤੀ ਸੀ। ਜਦ ਉਹ ਕਰੀਬ ਦੋ ਘੰਟੇ ਬਾਅਦ ਵਾਪਸ ਪਰਤੇ ਤਾਂ ਕਾਰ ਦਾ ਕੰਡਕਟਰ ਸਾਈਡ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਕਾਰ ਵਿੱਚ ਪਏ ਉਨ੍ਹਾਂ ਦੇ ਕੀਮਤੀ ਕੱਪੜੇ, ਭਾਂਡੇ ਅਤੇ ਹੋਰ ਸਮਾਨ ਗਾਇਬ ਸੀ। ਉਨ੍ਹਾਂ ਮੁਤਾਬਿਕ ਚੋਰੀ ਹੋਏ ਸਮਾਨ ਦੀ ਕੀਮਤ 50 ਹਜ਼ਾਰ ਰੁਪਏ ਦੇ ਕਰੀਬ ਸੀ। ਚੋਰੀ ਦਾ ਸ਼ਿਕਾਰ ਹੋਏ ਪੀੜਤ ਹਰਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।