ਆਮ ਆਦਮੀ ਦਾ ਭਵਿੱਖ ਤੈਅ ਕਰਨਗੀਆਂ 2019 ਦੀਆਂ ਚੋਣਾਂ.!!! (ਭਾਗ ਤੀਜਾ)

Last Updated: Jan 13 2018 10:28

ਦੋਸਤੋ ਪਿਛਲੇ ਅੰਕਾਂ ਵਿੱਚ ਤੁਸੀਂ ਪੜ੍ਹਿਆ ਕਿ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਯਤਨਾਂ ਤਹਿਤ ਕਿਸ ਤਰ੍ਹਾਂ ਇੱਕ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਜਦੋਂ ਅੰਦੋਲਨ ਸ਼ੁਰੂ ਕੀਤਾ ਤਾਂ ਉਸ ਅੰਦੋਲਨ ਨੂੰ ਲੋਕਾਂ ਦੇ ਮਿਲੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਅੰਦੋਲਨ ਵਿੱਚ ਅੰਨਾ ਹਜ਼ਾਰੇ ਦੇ ਬੇਹੱਦ ਕਰੀਬੀ ਸਾਥੀ ਰਹੇ ਅਰਵਿੰਦ ਕੇਜਰੀਵਾਲ ਨੇ ਆਪਣੇ ਸਿਆਸੀ ਗੁਰੂ ਅੰਨਾ ਹਜ਼ਾਰੇ ਦੇ ਲੱਖ ਵਾਰ ਮਨਾਂ ਕਰਨ ਦੇ ਬਾਵਜੂਦ ਆਪਣੀ ਇੱਕ ਸਿਆਸੀ ਪਾਰਟੀ ਆਮ ਆਦਮੀ ਪਾਰਟੀ (ਆਪ) ਬਣਾ ਲਈ। ਉਸ ਤੋਂ ਬਾਅਦ ਫਿਰ ਉਸ ਪਾਰਟੀ ਨੂੰ ਕਿਸ ਤਰ੍ਹਾਂ ਲੋਕਾਂ ਦੀ ਸਪੋਰਟ ਮਿਲੀ ਤੇ ਉਸ ਪਾਰਟੀ ਨੇ ਕਿਸ ਤਰ੍ਹਾਂ ਨਾਲ ਆਪਣਾ ਅਗਲਾ ਸਿਆਸੀ ਸਫਰ ਤੈਅ ਕੀਤਾ। ਹੁਣ ਅੱਗੇ।

ਹੁਣ ਗੱਲ ਕਰਦੇ ਹਾਂ ਆਪ ਦੀ ਪੰਜਾਬ ਵਿਚਲੀ ਸਿਆਸਤ ਦੀ। ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਦੇਸ਼ ਦੀ ਸਿਆਸਤ ਦੇ ਲਗਭਗ 70 ਸਾਲਾਂ ਦੇ ਇਤਿਹਾਸ ਵਿੱਚ ਸਿਆਸੀ ਪਾਰਟੀਆਂ ਬਦਲ-ਬਦਲ ਕੇ ਰਾਜ ਕਰ ਰਹੀਆਂ ਸਨ ਤੇ ਇੱਕ ਸਚਾਈ ਇਸਦੇ ਨਾਲ ਹੋਰ ਜੁੜੀ ਹੋਈ ਇਹ ਹੈ ਕਿ ਆਮ ਜਨਤਾ ਦੀ ਗਰੀਬੀ ਦੂਰ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਰ ਵਾਰੀ ਆਪਣੇ ਸੱਤਾ ਦੇ ਪੰਜਾਂ ਸਾਲਾਂ ਵਿੱਚ ਹੀ ਹੱਲ ਕੱਢਣ ਤੇ ਪੰਜਾਬ ਨੂੰ ਇੱਕ ਖੁਸ਼ਹਾਲ ਤੇ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦਾ ਵਾਅਦਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਜਨਤਾ ਦੀ ਨਜ਼ਰ ਵਿੱਚ ਹਰ ਵਾਰ ਹੀ ਝੂਠੀਆਂ ਸਾਬਤ ਹੋ ਰਹੀਆਂ ਸਨ। ਜਿਸਦਾ ਸਬੂਤ ਜਨਤਾ ਵੱਲੋਂ ਹਰ ਵਾਰ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਨੂੰ ਬਦਲਣ ਤੋਂ ਮਿਲਦਾ ਹੈ।

ਦੋਸਤੋ, ਬਾਕੀ ਸਾਰੇ ਦੇਸ਼ ਦੀ ਜਨਤਾ ਦੇ ਨਾਲ-ਨਾਲ ਸੂਬਾ ਪੰਜਾਬ ਦੀ ਜਨਤਾ ਵੀ ਭਾਵੇਂ ਹਰ ਵਾਰ ਸੱਤਾਧਾਰੀ ਪਾਰਟੀ ਦੀਆਂ ਕਾਰਗੁਜ਼ਾਰੀਆਂ ਤੋਂ ਨਾਖੁਸ਼ ਹੋ ਕੇ ਉਸ ਨੂੰ ਸੱਤਾ ਤੋਂ ਤਾਂ ਲਾਹ ਦਿੰਦੀ ਸੀ, ਪਰ ਅਜਿਹਾ ਕਰਨ ਨਾਲ ਵੀ ਸੂਬੇ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹੀ ਖੜ੍ਹੀਆਂ ਸਨ। ਅੱਜ ਵੀ ਸੂਬੇ ਦੇ ਲੋਕ ਗਲੀਆਂ ਨਾਲੀਆਂ ਪੱਕੀਆਂ ਕਰਵਾਉਣ, ਸਟ੍ਰੀਟ ਲਾਈਟਾਂ ਲਗਵਾਉਣ, ਸੜਕਾਂ ਬਣਵਾਉਣ, ਸੀਵਰੇਜ ਪੁਵਾਉਣ, ਸਫਾਈ ਦੀ ਵਿਵਸਥਾ ਠੀਕ ਕਰਵਾਉਣ ਆਦਿ ਵਰਗੀਆਂ ਬੇਹੱਦ ਹੇਠਲੇ ਪੱਧਰ ਦੀਆਂ ਬੁਨਿਆਦੀ ਸੁਵਿਧਾਵਾਂ ਦਾ ਹੱਲ ਕੱਢਣ ਨੂੰ ਲੈ ਕੇ ਹੀ ਵੋਟਾਂ ਪਾਉਂਦੇ ਹਨ।

ਹਾਲਾਤ ਇੱਥੋਂ ਤੱਕ ਬੱਦਤਰ ਸਨ ਕਿ ਪਤਾ ਹੋਣ ਦੇ ਬਾਵਜੂਦ, ਸਰਕਾਰ ਦਾ ਕੋਈ ਤੀਜਾ ਬਦਲ ਨਾ ਹੋਣ ਕਾਰਕੇ ਲੋਕ ਮੁੜ ਉਸੇ ਪਾਰਟੀ ਨੂੰ ਸੱਤਾ ਸੌਂਪਣ ਲਈ ਮਜਬੂਰ ਸਨ ਜਿਸਨੂੰ ਕਿ ਪੰਜ ਸਾਲ ਪਹਿਲਾਂ ਵਾਅਦੇ ਪੂਰੇ ਨਾ ਕਰਨ 'ਤੇ ਗੁੱਸਾ ਖਾ ਕੇ ਆਪਣੇ ਹੱਥੀਂ ਸੱਤਾ ਤੋਂ ਲਾਹ ਚੁੱਕੇ ਸਨ। ਅਜਿਹੇ ਸਮੇਂ ਵਿੱਚ ਬਾਕੀ ਦੇਸ਼ ਦੀ ਜਨਤਾ ਵਾਂਗ ਪੰਜਾਬੀਆਂ ਨੂੰ ਵੀ ਆਮ ਆਦਮੀ ਪਾਰਟੀ ਤੋਂ ਇੱਕ ਆਸ ਦੀ ਕਿਰਨ ਜਾਗੀ। ਇਸ ਆਸ ਦੀ ਕਿਰਨ ਦੇ ਜਾਗਣ ਦਾ ਇੱਕ ਕਾਰਨ ਹੋਰ ਵੀ ਸੀ ਕਿ ਸੂਬਾ ਵਾਸੀਆਂ ਨੇ 10 ਸਾਲਾਂ ਲਈ ਅਕਾਲੀ ਭਾਜਪਾ ਨੂੰ ਸੱਤਾ ਸੌਂਪੀ ਸੀ ਤੇ ਉਸ ਸਮੇਂ ਲੋਕ ਸੱਤਾਧਾਰੀਆਂ ਤੋਂ ਤੰਗ ਨਜ਼ਰ ਆ ਰਹੇ ਸਨ।

ਅਜਿਹੇ ਵਿੱਚ ਸਭ ਤੋਂ ਪਹਿਲਾਂ ਆਈਆਂ ਪਾਰਲੀਮੈਂਟ ਚੋਣਾਂ ਜਿਸ ਵਿੱਚ ਆਪ ਭਾਵੇਂ ਬਾਕੀ ਸੂਬਿਆਂ ਵਿੱਚ ਤਾਂ ਕੁਝ ਕਰ ਨਹੀਂ ਪਾਈ ਪਰ ਪੰਜਾਬੀਆਂ ਨੇ ਪੂਰੇ ਸੂਬੇ 'ਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਇਨ੍ਹਾਂ ਚੋਣਾਂ 'ਚ ਭਾਵੇਂ ਆਪ ਨੂੰ ਪੰਜਾਬ 'ਚੋਂ ਸੀਟਾਂ ਤਾਂ ਦੋ ਹੀ ਮਿਲੀਆਂ ਪਰ ਬਾਕੀ ਸੀਟਾਂ ਤੇ ਵੀ ਲੋਕਾਂ ਨੇ ਆਪ ਨੂੰ ਦੱਬ ਕੇ ਵੋਟਾਂ ਪਾਈਆਂ। ਪੰਜਾਬ ਦੇ ਚੋਣ ਨਤੀਜੇ ਵੇਖ ਕੇ ਨਾ ਸਿਰਫ ਪੰਜਾਬ ਦੇ ਸੱਤਾਧਾਰੀਆਂ ਬਲਿਕੀ ਵਿਰੋਧੀ ਧਿਰਾਂ ਦੇ ਵੀ ਹੱਥਾਂ ਦੇ ਤੋਤੇ ਉੱਡ ਗਏ। ਉਨ੍ਹਾਂ ਨੂੰ ਆਪਣਾ ਭਵਿੱਖ ਅੰਧਕਾਰ ਵਿੱਚ ਨਜ਼ਰ ਆਉਣ ਲੱਗ ਪਿਆ। ਇਸ ਨਾਲ ਜਿੱਥੇ ਇੱਕ ਪਾਸੇ ਆਪ ਲੀਡਰਸ਼ਿਪ ਦੀਆਂ ਵਾਛਾਂ ਖਿੱਲ ਗਈਆਂ ਉੱਥੇ ਆਪ ਵਿਰੋਧੀਆਂ ਨੇ ਵੀ ਸਿਆਸਤ ਨੂੰ ਨਵਾਂ ਮੋੜ ਦੇਣ ਦਾ ਫੈਸਲਾ ਕਰ ਲਿਆ। ਫਿਰ ਪੰਜਾਬ ਵਿੱਚ ਵੀ ਸ਼ੁਰੂ ਹੋਈ ਚਾਣਕਿਆ ਨੀਤੀ ਦੀ ਸ਼ੁਰੂਆਤ। ਪੰਜਾਬ 'ਚ ਛਪਦੇ ਹਰ ਅਖਬਾਰ ਤੇ ਟੀ.ਵੀ ਚੈਨਲਾਂ 'ਚ ਆਉਣ ਵਾਲੇ ਬਿਆਨ ਪੜ੍ਹ ਕੇ ਇੰਝ ਜਾਪਣ ਲੱਗ ਪਿਆ ਕਿ ਆਪ ਵਿਰੋਧੀਆਂ ਦੇ ਇਹ ਬਿਆਨ ਪੰਜਾਬ ਵਿਚਲੀਆਂ ਪਹਿਲਾਂ ਵਾਲੀਆਂ ਰਿਵਾਇਤੀ ਪਾਰਟੀਆਂ ਵੱਲੋਂ ਇੱਕ-ਦੂਜੇ ਦੇ ਵਿਰੁੱਧ ਨਾ ਦੇ ਕੇ ਇਕੱਠੇ ਹੋ ਕੇ ਸਿਰਫ ਆਪ ਦੇ ਵਿਰੁੱਧ (ਜ਼ਿਆਦਾਤਰ) ਹੀ ਦੇਣੇ ਸ਼ੁਰੂ ਕਰ ਦਿੱਤੇ ਹਨ। ਅਜਿਹਾ ਮਹਿਸੂਸ ਹੋਣ ਲੱਗਾ ਕਿ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਆਪ ਹੈ ਤੇ ਵਿਰੋਧ ਵਿੱਚ ਬਾਕੀ ਪਾਰਟੀਆਂ ਬੈਠੀਆਂ ਹਨ।

ਇੱਥੋਂ ਤੱਕ ਕਿ ਅਕਾਲੀ ਭਾਜਪਾ ਸਰਕਾਰ ਦੀ ਦੂਜੀ ਟਰਮ 'ਚ ਸੰਗਰੂਰ ਪੁਲਿਸ ਨੇ ਆਪ ਦੇ ਇੱਕ ਦਿੱਲੀ ਵਿਚਲੇ ਵਿਧਾਇਕ ਤੇ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿੱਚ ਸਾਜਿਸ਼ਕਰਤਾ ਦੇ ਤੌਰ ਤੇ ਪਰਚਾ ਵੀ ਦਰਜ਼ ਕਰ ਦਿੱਤਾ ਜੋ ਕਿ ਬਾਅਦ ਵਿੱਚ ਸਾਬਤ ਹੋ ਗਿਆ ਕਿ ਪਰਚਾ ਝੂਠਾ ਸੀ ਤੇ ਵਿਧਾਇਕ ਸਾਹਿਬ ਬੇਕਸੂਰ। ਦੋਸਤੋ, ਸਿਆਸਤ ਦੇ ਜਾਣਕਾਰਾਂ ਅਨੁਸਾਰ ਅਜਿਹੇ ਵਿੱਚ ਆਪ ਦਾ ਜੇਕਰ ਕੋਈ ਸੱਚਾ ਮਦਦਗਾਰ ਬਣ ਕੇ ਸਾਹਮਣੇ ਆਇਆ ਤਾਂ ਉਹ ਸੀ ਸੋਸ਼ਲ ਮੀਡੀਆ। ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਟਵਿੱਟਰ ਆਦਿ ਸੋਸ਼ਲ ਸਾਈਟਾਂ ਦੇ ਨਾਲ ਜੁੜੇ ਲੋਕਾਂ ਨੇ ਇਸ ਖੁੱਲ੍ਹੇ ਮੰਚ ਤੇ ਸਰਕਾਰਾਂ ਦੇ ਖ਼ਿਲਾਫ਼ ਦੱਬ ਕੇ ਭੜਾਸ ਕੱਢੀ ਤੇ ਇਨ੍ਹਾਂ ਨੇ ਲੋਕਾਂ ਦੇ ਮਨਾਂ ਅੰਦਰ ਆਪ ਲਈ ਜਗ ਰਹੀ ਸ਼ਰਧਾ ਦੀ ਜੋਤ ਨੂੰ ਬੁਝਣ ਨਹੀਂ ਦਿੱਤਾ। 

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ਤੇ ਆਪ ਦੇ ਹੱਕ ਵਿੱਚ ਪ੍ਰਚਾਰ ਕਰਨ ਵਿੱਚ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਬੜਾ ਵੱਡਾ ਰੋਲ ਰਿਹਾ, ਜਿਨ੍ਹਾਂ ਨੇ ਨਾ ਸਿਰਫ ਸੋਸ਼ਲ ਮੀਡੀਆ ਤੇ ਬਲਿਕੀ ਆਪ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਜਦੋਂ ਵੀ ਵੋਟਾਂ ਪਈਆਂ ਉਹ ਖੁਦ ਵੀ ਜਹਾਜ ਚੜ੍ਹ ਕੇ ਆਪ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੰਜਾਬ ਦੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਗਏ। ਸ਼ਾਇਦ ਇਹੋ ਕਾਰਨ ਸੀ ਕਿ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਇਸ ਲਹਿਰ ਤੋਂ ਬੇਹੱਦ ਖ਼ੌਫ਼ਜ਼ਾਦਾ ਹੋ ਗਈਆਂ। ਫਿਰ ਅਚਾਨਕ ਪਾਸਾ ਪਲਟਿਆ ਤੇ ਆਪ ਦੀ ਅੰਦਰਲੀ ਲੀਡਰਸ਼ਿਪ ਵਿੱਚ ਅਹੁਦਿਆਂ ਨੂੰ ਲੈ ਕੇ ਕਲੇਸ਼ ਛਿੜ ਗਿਆ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਾਰਟੀ ਦਾ ਵੱਧ ਤੋਂ ਵੱਧ ਪਸਾਰ ਕਰਨ ਦੀ ਦੌੜ ਵਿੱਚ ਆਪ ਦੀ ਕੇਂਦਰੀ ਲੀਡਰਸ਼ਿਪ ਤੋਂ ਵੱਡੀਆਂ-ਵੱਡੀਆਂ ਗਲਤੀਆਂ ਹੋਈਆਂ। ਆਪ ਨੇ ਵੀ ਬਾਕੀ ਪਾਰਟੀਆਂ ਦੀ ਤਰਜ਼ ਤੇ ਦੂਜਿਆਂ ਪਾਰਟੀਆਂ ਛੱਡ-ਛੱਡ ਕੇ ਆਣ ਵਾਲਿਆਂ ਨੂੰ ਧੜਾਧੜ ਪਾਰਟੀ 'ਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਾਰਟੀ ਵਿੱਚ ਨਵੇਂ ਆਏ ਬਾਹਰੀ ਹੋਰ ਪਾਰਟੀਆਂ ਨੂੰ ਛੱਡਣ ਵਾਲੇ ਪੁਰਾਣੇ ਸਿਆਸਤਦਾਨਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਵੱਡੇ-ਵੱਡੇ ਅਹੁਦਿਆਂ ਨਾਲ ਨਵਾਜਿਆ ਜਾਣ ਲੱਗ ਪਿਆ। ਇੱਥੋਂ ਪਾਰਟੀ ਅੰਦਰ ਪੁਰਾਣੀ ਲੀਡਰਸ਼ਿਪ ਨੂੰ ਆਪਣੇ ਨਾਲ ਧੱਕਾ ਹੁੰਦਾ ਮਹਿਸੂਸ ਹੋਣ ਲੱਗ ਪਿਆ। (ਚੱਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।