ਜਗਤਪੁਰਾ ਜਟਾਂ ਗੁਰਦੁਆਰਾ ਸਾਹਿਬ ਵਿਖੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜਾਮ

Last Updated: Jan 12 2018 20:16

ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਚੋਰਾਂ ਵੱਲੋਂ ਸ਼ਹਿਰ ਦੇ ਘਰਾਂ-ਦੁਕਾਨਾਂ ਨੂੰ ਛੱਡ ਪੇਂਡੂ ਖੇਤਰ ਵਿਖੇ ਗੁਰਦੁਆਰਾ ਸਾਹਿਬ ਦੇ ਘਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਦੇ ਚਲਦੇ ਪਿਛਲੇ ਕੁਝ ਦਿਨਾਂ ਵਿੱਚ ਜ਼ਿਲ੍ਹੇ ਦੇ ਪੇਂਡੂ ਖੇਤਰ ਵਿਖੇ ਚੋਰਾਂ ਵੱਲੋਂ 3 ਗੁਰਦੁਆਰਾ ਸਾਹਿਬ ਵਿਖੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਅੱਜ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਹਲਕਾ ਭੋਆ ਦੇ ਹੇਠ ਆਉਂਦੇ ਪਿੰਡ ਤਲਵਾੜਾ ਜਟਾਂ ਵਿਖੇ ਜਿੱਥੇ ਗੁਰੂ ਘਰ ਵਿਖੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ, ਜਿਸ ਵਿੱਚ ਚੋਰਾਂ ਨੇ ਗੁਰੂ ਦੀ ਗੋਲਕ ਵਿੱਚ ਤਕਰੀਬਨ 4 ਹਜਾਰ ਰੁਪਏ, ਇੱਕ ਐਲ.ਸੀ.ਡੀ ਅਤੇ ਸੀਸੀਟੀਵੀ ਕੈਮਰਾ ਚੋਰੀ ਕਰ ਲਿਆ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਗੁਰਦੁਆਰੇ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਬਾਅਦ ਗੁਰੂ ਘਰ ਨੂੰ ਤਾਲਾ ਲਗਾਇਆ ਗਿਆ, ਜਦ ਸਵੇਰੇ ਆ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਦਾ ਤਾਲਾ ਟੁੱਟਿਆ ਮਿਲਿਆ। ਗੁਰੂ ਦੀ ਗੋਲਕ ਦੇ ਤਾਲੇ ਵੀ ਟੁੱਟੇ ਮਿਲੇ ਅਤੇ ਐਲ.ਸੀ.ਡੀ ਅਤੇ ਸੀਸੀਟੀਵੀ ਰਿਕਾਰਡਰ ਵੀ ਚੋਰ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਸੂਚਨਾ ਥਾਣਾ ਤਾਰਾਗੜ੍ਹ ਨੂੰ ਦਿੱਤੀ ਗਈ ਹੈ, ਜਿਸਦੇ ਬਾਅਦ ਥਾਣਾ ਤਾਰਾਗੜ੍ਹ ਦੀ ਪੁਲਿਸ ਨੇ ਮੌਕੇ ਉਪਰ ਪੁੱਜ ਕੇ ਲੋਕਾਂ ਤੋਂ ਪੁੱਛ-ਗਿੱਛ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।