ਅਣਪਛਾਤੇ ਵਿਅਕਤੀਆਂ ਨੇ ਸਕੂਟਰ ਮਕੈਨਿਕ ਦਾ ਕਤਲ ਕਰਕੇ ਲਾਸ਼ ਛੱਪੜ 'ਚ ਸੁੱਟੀ

Last Updated: Jan 12 2018 21:25

ਸਥਾਨਕ ਸਮਰਾਲਾ ਰੋਡ ਸਥਿਤ ਏ.ਐਸ ਕਾਲਜ ਨਜ਼ਦੀਕ ਸਕੂਟਰ ਰਿਪੇਅਰ ਕਰਨ ਵਾਲੇ ਮਕੈਨਿਕ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰਕੇ ਲਾਸ਼ ਨੂੰ ਉਸ ਦੇ ਮੋਟਰਸਾਈਕਲ ਦੇ ਨਾਲ ਬੰਨਕੇ ਨਜ਼ਦੀਕੀ ਪਿੰਡ ਮਾਜਰਾ ਦੇ ਗੰਦੇ ਪਾਣੀ ਵਾਲੇ ਛੱਪੜ 'ਚ ਸੁੱਟ ਦਿੱਤਾ। ਸ਼ੁੱਕਰਵਾਰ ਦੁਪਹਿਰ ਪਿੰਡ ਵਾਸੀਆਂ ਨੇ ਛੱਪੜ 'ਚ ਪਈ ਲਾਸ਼ ਦਾ ਕੁਝ ਹਿੱਸਾ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਟੋਬੇ 'ਚ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਸਥਾਨਕ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਉਰਫ਼ ਬੱਬੂ (35) ਵਾਸੀ ਮਾਡਲ ਟਾਊਨ ਸਮਰਾਲਾ ਰੋਡ ਖੰਨਾ ਦੇ ਤੌਰ 'ਤੇ ਹੋਈ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਸਾਲ 2011 'ਚ ਕੁਲਦੀਪ ਸਿੰਘ ਵੱਲੋਂ ਪਿੰਡ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਪ੍ਰੇਮ ਵਿਆਹ ਕਰ ਲਏ ਜਾਣ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਆਪਣੀ ਪਤਨੀ ਹਰਪ੍ਰੀਤ ਕੌਰ ਦੇ ਨਾਲ ਸਥਾਨਕ ਮਾਡਲ ਟਾਊਨ ਇਲਾਕੇ 'ਚ ਰਹਿ ਰਿਹਾ ਸੀ। ਉਸ ਦਾ ਇੱਕ ਪੁੱਤਰ ਸ਼ਿਵਪ੍ਰੀਤ ਸਿੰਘ ਤੀਜੀ ਜਮਾਤ 'ਚ ਪੜ੍ਹਦਾ ਹੈ। ਬੀਤੀ ਰਾਤ ਕਰੀਬ 9 ਵਜੇ ਕਿਸੇ ਦਾ ਫ਼ੋਨ ਆਉਣ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਤੋਂ ਚਲਾ ਗਿਆ ਸੀ ਤੇ ਵਾਪਸ ਨਹੀਂ ਆਇਆ। ਸ਼ੁੱਕਰਵਾਰ ਦੁਪਹਿਰ ਉਸ ਦੀ ਲਾਸ਼ ਛੱਪੜ 'ਚੋਂ ਮਿਲਣ ਦੀ ਸੂਚਨਾ ਮਿਲੀ। ਮ੍ਰਿਤਕ ਦੀ ਲਾਸ਼ ਨੂੰ ਉਸ ਦੇ ਮੋਟਰਸਾਈਕਲ ਨਾਲ ਬੰਨ੍ਹਿਆਂ ਹੋਇਆ ਸੀ।

ਮਾਮਲੇ ਸਬੰਧੀ ਐਸ.ਐਚ.ਓ ਸਦਰ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਮ੍ਰਿਤਕ ਕੁਲਦੀਪ ਦੇ ਮੋਬਾਈਲ ਫ਼ੋਨ ਦੀ ਕਾਲ ਡਿਟੇਲਜ਼ ਖੰਘਾਲੀ ਜਾ ਰਹੀ ਹੈ। ਮ੍ਰਿਤਕ ਦੇ ਛੋਟੇ ਭਰਾ ਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦੇ ਇਲਜ਼ਾਮ 'ਚ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।