ਸਮਾਜਸੇਵੀ ਸੰਸਥਾ ਨੇ ਕੀਤਾ ਚਾਈਨਾ ਡੋਰ ਦੀ ਵਰਤੋਂ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ

Last Updated: Jan 12 2018 20:44

ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਸਰਵਿਸ ਸੁਸਾਇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਪਤੰਗਾਂ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਜਾ ਕੇ ਉਨ੍ਹਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਹਦਾਇਤ ਕੀਤੀ ਅਤੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਨਾ ਉਡਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਦੇ ਨਾਲ-ਨਾਲ ਸ਼ਹਿਰ ਦੇ ਪਾਰਕਾਂ ਅਤੇ ਗਲੀ-ਮੁਹੱਲੇ ਦੀਆਂ ਖੁੱਲ੍ਹੀਆਂ ਥਾਵਾਂ 'ਤੇ ਜਾ ਕੇ ਪਤੰਗ ਉਠਾ ਰਹੇ ਬੱਚਿਆਂ ਨੂੰ ਚਾਈਨਾ ਡੋਰ ਵਰਤਣ ਤੋਂ ਵਰਜਿਆ ਅਤੇ ਇਸ ਨਾਲ ਘੱਟਣ ਵਾਲੀਆਂ ਖਤਰਨਾਕ ਘਟਨਾਵਾਂ ਤੋਂ ਜਾਣੂ ਕਰਵਾਇਆ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਅਸ਼ੋਕ ਭਟਨਾਗਰ ਨੇ ਕਿਹਾ ਕਿ ਚਾਈਨਾ ਡੋਰ 'ਤੇ ਕਈ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵੱਲੋਂ ਪਾਬੰਦੀ ਲਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਕਾਰਨ ਦੁਕਾਨਦਾਰਾਂ ਨੇ ਪਹਿਲਾਂ ਖ਼ਰੀਦ ਕੇ ਰੱਖੀ ਚਾਈਨਾ ਡੋਰ ਆਪਣੀਆਂ ਦੁਕਾਨਾਂ ਤੇ ਸ਼ਰੇਆਮ ਰੱਖਣ ਦੀ ਬਜਾਏ ਆਸੇ-ਪਾਸੇ ਕਰਕੇ ਰੱਖਣੀ ਸ਼ੁਰੂ ਕਰ ਦਿੱਤੀ। ਪਰ ਜਦ ਉਨ੍ਹਾਂ ਨੇ ਅਜਿਹੇ ਦੁਕਾਨਦਾਰਾਂ ਨੂੰ ਉਨ੍ਹਾਂ ਦੇ ਕੋਲ ਜਾ ਕੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਵੱਲੋਂ ਚਾਈਨਾ ਡੋਰ ਵੇਚੇ ਜਾਣ ਦੀ ਗੱਲ ਸੁਸਾਇਟੀ ਦੇ ਸਾਹਮਣੇ ਆਈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਖ਼ੁਦ ਮਿਲ ਕੇ ਦੁਕਾਨਦਾਰਾਂ ਦੇ ਖ਼ਿਲਾਫ਼ ਕਾਰਵਾਈ ਕਰਵਾਉਣਗੇ।

ਭਟਨਾਗਰ ਨੇ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਇਸ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਬੱਚਾ ਜਾਂ ਵਿਅਕਤੀ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਪਾਇਆਂ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਈ ਜਾਵੇਗੀ। ਇਸ ਲਈ ਇਸ ਨਾਮੁਰਾਦ ਚਾਈਨਾ ਡੋਰ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦੀ ਹੀ ਉਨ੍ਹਾਂ ਦੀ ਸੰਸਥਾ ਇਸ ਸਬੰਧੀ ਇੱਕ ਪੋਸਟਰ ਵੀ ਰਿਲੀਜ਼ ਕਰੇਗੀ।