ਕਪੂਰਥਲਾ ਵਿੱਚ ਹਰ ਸਾਲ ਵੱਡਾ ਕਬੱਡੀ ਕੱਪ ਕਰਵਾਇਆ ਜਾਵੇਗਾ : ਮੱਖਣ ਧਾਲੀਵਾਲ

Last Updated: Jan 12 2018 20:08

ਬੀਤੇ ਦਿਨੀਂ ਕਪੂਰਥਲਾ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿੱਚ ਕਬੱਡੀ ਦੇ ਮਹਾਨ ਪ੍ਰਮੋਟਰ ਸਵ. ਅਮਰਜੀਤ ਸਿੰਘ ਬਾਊ ਦੀ ਯਾਦ ਵਿੱਚ ਕਰਵਾਏ ਗਏ ਪੰਜਾਬ ਗੋਲਡ ਕਬੱਡੀ ਕੱਪ ਵਿੱਚ ਦਰਸ਼ਕਾਂ ਦੇ ਵੱਡੀ ਗਿਣਤੀ ਵਿੱਚ ਪਹੁੰਚਣ ਤੇ ਸਵ. ਅਮਰਜੀਤ ਸਿੰਘ ਬਾਊ ਨੂੰ ਸੱਚੀ ਸ਼ਰਧਾਂਜਲੀ ਮੰਨਦੇ ਹੋਏ ਖੇਡ ਪ੍ਰਮੋਟਰ ਮੱਖਣ ਧਾਲੀਵਾਲ ਤੇ ਹਰਵਿੰਦਰ ਸਿੰਘ ਲੱਡੂ ਨੇ ਕਿਹਾ ਕਿ ਸਵ ਬਾਊ ਕਬੱਡੀ ਜਗਤ ਦਾ ਇੱਕ ਅਜਿਹਾ ਹੀਰਾ ਸੀ ਜਿਸ ਨੇ ਪੰਜਾਬੀਆਂ ਦੀ ਇਸ ਮਾਂ ਖੇਡ ਨੂੰ ਦੇਸ਼ ਵਿਦੇਸ਼ ਵਿੱਚ ਵੱਖਰੀ ਪਹਿਚਾਣ ਦਿਵਾਉਣ ਲਈ ਵੱਡੇ ਯਤਨ ਕੀਤੇ ਤੇ ਖਿਡਾਰੀਆਂ ਦੀ ਹਰ ਮੰਚ 'ਤੇ ਸਹਾਇਤਾ ਕੀਤੀ।

ਉਨ੍ਹਾਂ ਕਿਹਾ ਕਿ ਅੱਜ ਇਸੇ ਕਰਕੇ ਹੀ ਮਾਂ ਖੇਡ ਕਬੱਡੀ ਦਾ ਭਵਿੱਖ ਬੇਹੱਦ ਉੱਜਵਲ ਦਿਖਾਈ ਦੇ ਰਿਹਾ ਹੈ ਕਿ ਮੌਜੂਦਾ ਸਮੇਂ ਦੁਨੀਆ ਦੇ ਹਰ ਕੋਨੇ ਵਿੱਚ ਕਬੱਡੀ ਖੇਡ ਖੇਡੀ ਜਾ ਰਹੀ ਹੈ। ਮੱਖਣ ਨੇ ਕਿਹਾ ਕਿ ਵਿਦੇਸ਼ੀ ਮੁਲਕਾਂ ਨੇ ਜਿਸ ਤਰ੍ਹਾਂ ਇਸ ਮਿੱਟੀ ਦੀ ਖੇਡ ਨੂੰ ਅਪਣਾਇਆ ਹੈ ਉਸ ਨੂੰ ਵੇਖਕੇ ਲਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਕਬੱਡੀ ਖੇਡ ਕੌਮਾਂਤਰੀ ਮੰਚ 'ਤੇ ਫੁੱਟਬਾਲ, ਕ੍ਰਿਕਟ, ਹਾਕੀ ਵਰਗੀਆਂ ਖੇਡਾਂ ਦੇ ਬਰਾਬਰ ਖੜੀ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਸਟੇਡੀਅਮ ਵਿੱਚ ਕਬੱਡੀ ਕੱਪ ਕਰਵਾਉਣ ਦਾ ਮਕਸਦ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦੇ ਨੌਜਵਾਨਾਂ ਨੂੰ ਵੀ ਕਬੱਡੀ ਖੇਡ ਨਾਲ ਜੋੜਨਾ ਸੀ, ਇਸੇ ਵਾਸਤੇ ਹੀ ਸ਼ਹਿਰ ਵਿੱਚ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਪੰਜਾਬ ਗੋਲਡ ਕਬੱਡੀ ਕੱਪ ਵਿੱਚ ਪਹੁੰਚਣ ਵਾਲੇ ਵੱਖ-ਵੱਖ ਦੇਸ਼ਾਂ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਅਸਟ੍ਰੇਲੀਆ ਤੇ ਯੂਰਪੀਨ ਦੇਸ਼ਾਂ ਤੋਂ ਆਏ ਖੇਡ ਪ੍ਰਮੋਟਰਾਂ ਦਾ ਉਨ੍ਹਾਂ ਇੱਥੇ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਕਪੂਰਥਲਾ ਵਿੱਚ ਹਰ ਸਾਲ ਵੱਡਾ ਕਬੱਡੀ ਕੱਪ ਕਰਵਾਇਆ ਜਾਵੇਗਾ।