ਦਿਨ-ਦਿਹਾੜੇ ਗੋਲੀ ਮਾਰਕੇ ਕੀਤਾ ਨੰਬਰਦਾਰ ਦਾ ਕਤਲ

Last Updated: Jan 12 2018 21:07

ਪੰਚਾਇਤੀ ਚੌਣਾਂ ਦੀ ਰੰਜਿਸ਼ ਨੂੰ ਲੈ ਕੇ ਕਰੀਬ 6 ਦਿਨ ਪਹਿਲਾਂ ਨਜ਼ਦੀਕੀ ਪਿੰਡ ਜਲਾਜਣ 'ਚ ਫਾਇਰਿੰਗ ਕਰਕੇ ਇੱਕੋ ਪਰਿਵਾਰ ਦੇ ਚਾਰ ਜੀਆਂ ਸਮੇਤ ਪੰਜ ਵਿਅਕਤੀਆਂ ਨੂੰ ਜ਼ਖਮੀ ਕਰਨ ਵਾਲੇ ਕਥਿਤ ਦੋਸ਼ੀ ਨੇ ਸ਼ੁੱਕਰਵਾਰ ਬਾਅਦ ਦੁਪਹਿਰ ਦੁਬਾਰਾ ਫਾਇਰਿੰਗ ਕਰਕੇ ਪਿੰਡ 'ਚ ਨੰਬਰਦਾਰ ਦਾ ਕਤਲ ਕਰ ਦਿੱਤਾ। ਜਦਕਿ ਇੱਕ ਕੁੜੀ 'ਤੇ ਗੋਲੀ ਚਲਾਕੇ ਉਸਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਪੰਜ ਦਿਨਾਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਬੇਖੌਫ ਹੋਏ ਕਥਿਤ ਦੋਸ਼ੀ ਨੇ ਪਿੰਡ 'ਚ ਸਰੇਆਮ ਗੋਲੀਆਂ ਚਲਾ ਕੇ ਨੰਬਰਦਾਰ ਗੁਰਚਰਨ ਸਿੰਘ ਉਰਫ ਬਿੱਲੂ (55) ਦੀ ਹੱਤਿਆ ਕਰ ਦਿੱਤੀ। ਕਤਲ ਦੀ ਇਸ ਵਾਰਦਾਤ ਨੂੰ ਖੰਨਾ ਪੁਲਿਸ ਦੀ ਨਾਕਾਮੀ ਮੰਨਿਆ ਜਾ ਰਿਹਾ ਹੈ ਕਿਉਂਕਿ 6 ਦਿਨ ਪਹਿਲਾਂ ਫਾਇਰਿੰਗ ਕਰਕੇ ਪੰਜ ਵਿਅਕਤੀਆਂ ਨੂੰ ਜ਼ਖਮੀ ਕਰਨ ਦੀ ਵਾਰਦਾਤ ਉਪਰੰਤ ਪੁਲਿਸ ਮੁਸਤੈਦੀ ਦਿਖਾਉਂਦੇ ਹੋਏ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲੈਂਦੀ ਤਾਂ ਕਿਸੇ ਬੇਕਸੂਰ ਵਿਅਕਤੀ ਦੀ ਜਾਨ ਬੱਚ ਸਕਦੀ ਸੀ। ਹਾਲਾਂਕਿ, ਵਾਰਦਾਤ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਫਾਇਰਿੰਗ ਕਰਨ ਵਾਲੇ ਦਲਜੀਤ ਸਿੰਘ ਉਰਫ ਜੀਤਾ ਵਾਸੀ ਪਿੰਡ ਜਲਾਜਣ ਨੂੰ ਗ੍ਰਿਫਤਾਰ ਕਰਕੇ ਕਤਲਕਾਂਡ 'ਚ ਇਸਤੇਮਾਲ ਕੀਤਾ ਗਿਆ 32 ਬੋਰ ਦਾ ਰਿਵਾਲਵਰ ਬਰਾਮਦ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਪੰਜ ਦਿਨ ਪਹਿਲਾਂ 7 ਜਨਵਰੀ ਦੀ ਦੇਰ ਸ਼ਾਮ ਨੂੰ ਕਥਿਤ ਦੋਸ਼ੀ ਦਲਜੀਤ ਸਿੰਘ ਉਰਫ ਜੀਤਾ ਨੇ ਆਪਣੇ ਸਾਥੀਆਂ ਦੇ ਨਾਲ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀ ਆ ਰਹੀ ਪੁਰਾਣੀ ਰੰਜਿਸ਼ ਦੇ ਚੱਲਦੇ ਪਿੰਡ ਦੀ ਮਹਿਲਾ ਸਰਪੰਚ ਦੇ ਦਿਉਰ ਜਿਤੰਦਰ ਸਿੰਘ, ਸਰਵਨਜੀਤ ਕੌਰ ਪਤਨੀ ਜਤਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਅਮਨਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਨੌਜਵਾਨ ਜਗਦੀਪ ਸਿੰਘ 'ਤੇ ਫਾਇਰਿੰਗ ਕਰਕੇ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ ਸਬੰਧੀ ਥਾਣਾ ਸਦਰ ਖੰਨਾ 'ਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਗੁਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਦਲਜੀਤ ਸਿੰਘ ਉਰਫ ਜੀਤਾ, ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ ਦੇ ਰੀਡਰ ਏਐਸਆਈ ਸੋਹਣ ਸਿੰਘ, ਰੀਡਰ ਦੇ ਮੁੰਡੇ ਵਰਿੰਦਰਜੀਤ ਸਿੰਘ ਤੋਂ ਇਲਾਵਾ ਇੱਕ ਹੋਰ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪਰ ਕਈ ਦਿਨ ਲੰਘ ਜਾਣ ਦੇ ਬਾਅਦ ਵੀ ਪੁਲਿਸ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਸੀ।

ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ੁੱਕਰਵਾਰ ਦੁਪਹਿਰ ਨੰਬਰਦਾਰ ਗੁਰਚਪਨ ਸਿੰਘ ਖੇਤਾਂ ਚੋਂ ਆਪਣੇ ਪਸ਼ੂਆਂ ਦੇ ਲਈ ਰੇਹੜੇ 'ਤੇ ਚਾਰਾ ਲੈ ਕੇ ਆ ਰਿਹਾ ਸੀ। ਜਦੋਂ ਹੀ ਉਹ ਪਿੰਡ ਦੇ ਬੱਸ ਸਟੈਂਡ ਕੋਲ ਪਹੁੰਚਿਆ ਤਾਂ ਕਥਿਤ ਦੋਸ਼ੀ ਦਲਜੀਤ ਸਿੰਘ ਨੇ ਨੰਬਰਦਾਰ ਨੂੰ ਘੇਰ ਲਿਆ ਅਤੇ ਗਾਲੀ ਗਲੌਚ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਜੀਤੇ ਨੇ ਨਜ਼ਦੀਕ ਤੋਂ ਰਿਵਾਲਵਰ ਦੇ ਨਾਲ ਨੰਬਰਦਾਰ ਗੁਰਚਰਨ ਸਿੰਘ ਦੇ ਸਿਰ 'ਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਦੇ ਬਾਅਦ ਨੰਬਰਦਾਰ ਮੌਕੇ 'ਤੇ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ। ਜਿਸਦੇ ਬਾਅਦ ਕਥਿਤ ਦੋਸ਼ੀ ਪੰਜ ਦਿਨ ਪਹਿਲਾਂ ਗੋਲੀਆਂ ਚਲਾਕੇ ਜ਼ਖਮੀ ਕੀਤੇ ਪਿੰਡ ਵਾਸੀ ਜਤਿੰਦਰ ਸਿੰਘ ਦੇ ਘਰ ਪਹੁੰਚ ਗਿਆ ਅਤੇ ਜਿੱਥੇ ਜਾ ਕੇ ਉਸਨੇ ਜਤਿੰਦਰ ਸਿੰਘ ਦੀ ਕੁੜੀ ਨੂੰ ਦੇਖਕੇ ਫਾਇਰ ਕਰ ਦਿੱਤੇ, ਪਰ ਉਕਤ ਕੁੜੀ ਵਾਲ-ਵਾਲ ਬੱਚ ਗਈ। ਇਸਦੇ ਬਾਅਦ ਜੀਤਾ ਕੁੜੀ ਨੂੰ ਮਰੀ ਸਮਝਕੇ ਮ੍ਰਿਤਕ ਨੰਬਰਦਾਰ ਦੇ ਘਰ ਸਾਹਮਣੇ ਪਹੁੰਚਿਆ ਅਤੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ।

ਜਾਣਕਾਰੀ ਦੇ ਅਨੁਸਾਰ ਇਸੇ ਦੌਰਾਨ ਵਾਰਦਾਤ ਸਬੰਧੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਚੌਂਕੀ ਈਸੜੂ ਦੇ ਇੰਚਾਰਜ਼ ਏਐਸਆਈ ਬਲਵੀਰ ਸਿੰਘ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ 'ਤੇ ਪਹੁੰਚ ਗਏ। ਪੁਲਿਸ ਨੂੰ ਆਉਂਦੇ ਦੇਖ ਜੀਤੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਕਾਬੂ ਕਰ ਲਿਆ। ਮ੍ਰਿਤਕ ਨੰਬਰਦਾਰ ਆਪਣੇ ਪਿੱਛੇ ਦੋ ਮੁੰਡੇ, ਇੱਕ ਕੁੜੀ ਅਤੇ ਪਤਨੀ ਜਸਵੀਰ ਕੌਰ ਨੂੰ ਛੱਡ ਗਿਆ ਹੈ।

ਇਸ ਮਾਮਲੇ ਸਬੰਧੀ ਡੀਐਸਪੀ ਜਗਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਫਾਇਰਿੰਗ ਕਰਕੇ ਇੱਕੋ ਪਰਿਵਾਰ ਦੇ ਚਾਰ ਜੀਆਂ ਸਣੇ ਪੰਜ ਲੋਕਾਂ ਨੂੰ ਜ਼ਖਮੀ ਕੀਤੇ ਜਾਣ ਦੇ ਮਾਮਲੇ ਸਬੰਧੀ ਕਥਿਤ ਦੋਸ਼ੀ ਦਲਜੀਤ ਸਿੰਘ ਅਤੇ ਹੋਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪਰ ਮੁੱਖ ਮੁਲਜ਼ਮ ਦਲਜੀਤ ਸਿੰਘ ਫਰਾਰ ਚੱਲ ਰਿਹਾ ਸੀ ਅਤੇ ਜਿਸਦੀ ਤਲਾਸ਼ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ। ਦੁਬਾਰਾ ਫਾਇਰਿੰਗ ਦੀ ਘਟਨਾ ਦੇ ਬਾਅਦ ਦਲਜੀਤ ਸਿੰਘ ਨੂੰ ਅਤੇ ਮੌਕੇ ਤੋਂ ਵਰਤੇ ਗਏ ਹਥਿਆਰ ਨੂੰ ਕਾਬੂ ਕਰ ਲਿਆ ਗਿਆ।

ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਨਵਜੋਤ ਸਿੰਘ ਮਾਹਲ, ਡੀਐਸਪੀ (ਖੰਨਾ) ਜਗਵਿੰਦਰ ਸਿੰਘ ਚੀਮਾ, ਡੀਐਸਪੀ ਪਾਇਲ ਰਛਪਾਲ ਸਿੰਘ ਢੀਂਡਸਾ, ਥਾਣਾ ਸਦਰ ਖੰਨਾ ਐਸਐਚਓ ਵਿਨੋਦ ਕੁਮਾਰ, ਥਾਣਾ ਪਾਇਲ ਦੇ ਐਸਐਚਓ ਗੁਰਮੇਲ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈ ਕੇ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ। ਬਾਅਦ 'ਚ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ। ਕਾਬੂ ਕੀਤੇ ਕਥਿਤ ਮੁਲਜ਼ਮ ਦਲਜੀਤ ਸਿੰਘ ਉਰਫ ਜੀਤਾ ਦੇ ਖਿਲਾਫ਼ ਕਤਲ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।