ਪੱਤਰਕਾਰਾਂ ਨੇ ਕੀਤੀ ਤਹਿਸੀਲਦਾਰ ਦੇ ਖ਼ਿਲਾਫ਼ ਕਾਰਵਾਈ ਦੀ ਮੰਗ

Last Updated: Jan 12 2018 20:14

ਪਿਛਲੇ ਦਿਨੀਂ ਡਡਵਿੰਡੀ (ਕਪੂਰਥਲਾ) ਤੋਂ ਪੱਤਰਕਾਰ ਦਵਿੰਦਰ ਸਿੰਘ ਸੋਨੀ ਦੀ ਜ਼ਮੀਨ ਦੀ ਨਿਸ਼ਾਨਦੇਹੀ ਦੇ ਮਾਮਲੇ ਵਿੱਚ ਪੈਦਾ ਹੋਏ ਵਿਵਾਦ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਤਹਿਸੀਲਦਾਰ ਗੁਰਮੀਤ ਸਿੰਘ ਮਾਨ ਵੱਲੋਂ ਪੱਤਰਕਾਰ ਸੁਖਪਾਲ ਸਿੰਘ ਹੁੰਦਲ ਜ਼ਿਲ੍ਹਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ (ਰਜਿ.) ਪੰਜਾਬ ਨੂੰ ਮੋਬਾਈਲ 'ਤੇ ਧਮਕੀਆਂ ਦਿੱਤੀਆਂ ਗਈਆਂ। ਜਿਸ ਤੋਂ ਨਰਾਜ਼ ਪੱਤਰਕਾਰ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਗਿਆ ਅਤੇ ਸਮੂਹ ਪੱਤਰਕਾਰਾਂ ਨੇ ਜਰਨਲਿਸਟ ਪ੍ਰੈੱਸ ਕਲੱਬ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਦੀ ਅਗਵਾਈ ਵਿੱਚ ਤਹਿਸੀਲਦਾਰ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੂੰ ਇੱਕ ਮੰਗ ਦਿੱਤਾ ਸੀ। ਪਰ ਅੱਜ ਤੱਕ ਪ੍ਰਸ਼ਾਸਨ ਵੱਲੋਂ ਇਹ ਮਾਮਲਾ ਠੰਡੇ ਬਸਤੇ 'ਚ ਪਾ ਕੇ ਰੱਖ ਦਿੱਤਾ ਗਿਆ ਹੈ।

ਇਸ ਸਬੰਧੀ ਜਰਨਲਿਸਟ ਪ੍ਰੈੱਸ ਕਲੱਬ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਉਚ ਅਧਿਕਾਰੀ ਜਲਦ ਤੋਂ ਜਲਦ ਬਣਦੀ ਕਾਰਵਾਈ ਕਰਨ ਨਹੀ ਤਾਂ ਮਜ਼ਬੂਰਨ ਜਰਨਲਸਿਟ ਪ੍ਰੈੱਸ ਕਲੱਬ ਵੱਲੋਂ ਹੋਰ ਪੱਤਰਕਾਰ ਜੱਥੇਬੰਦੀਆਂ ਅਤੇ ਸਮਾਜਿਕ ਜੱਥੇਬੰਦੀਆਂ ਨੂੰ ਨਾਲ ਲੈ ਕੇ ਵੱਡੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ ਅਤੇ ਜੇਕਰ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਗੁਰਮੀਤ ਸਿੰਘ ਮਾਨ ਸੁਲਤਾਨਪੁਰ ਲੋਧੀ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੀ 26 ਜਨਵਰੀ ਗਣਤੰਤਰ ਦਿਵਸ ਨੂੰ ਪੱਤਰਕਾਰਾਂ ਵੱਲੋਂ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਜਲਦ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਦੇ ਚੌਥੇ ਥੰਭ ਮੀਡੀਆ 'ਤੇ ਹੋ ਰਹੇ ਹਮਲੇ ਲੋਕਤੰਤਰ ਦਾ ਘਾਣ ਹਨ ਅਤੇ ਜਰਨਲਿਸਟ ਪ੍ਰੈੱਸ ਕਲੱਬ ਇਨ੍ਹਾਂ ਕੋਝੀਆਂ ਹਰਕਤਾਂ ਦੀ ਜੰਮਕੇ ਨਿਖੇਧੀ ਕਰਦਾ ਹੈ ਅਤੇ ਪੰਜਾਬ ਵਿੱਚ ਜੇਕਰ ਕਿਸੇ ਵੀ ਪੱਤਰਕਾਰ 'ਤੇ ਕੋਈ ਵੀ ਪ੍ਰਸ਼ਾਸਨਿਕ ਅਤੇ ਰਾਜਨੀਤਕ ਆਗੂ ਵਧੀਕੀ ਕਰਦਾ ਹੈ ਤਾਂ ਅਸੀਂ ਉਸਦਾ ਡੱਟ ਕੇ ਵਿਰੋਧ ਕਰਾਂਗੇ। ਇਸ ਮੌਕੇ 'ਤੇ ਪੱਤਰਕਾਰ ਸੁਖਪਾਲ ਸਿੰਘ ਹੁੰਦਲ ਨੇ ਤਹਿਸੀਲਦਾਰ ਵੱਲੋਂ ਦਿੱਤੀਆਂ ਧਮਕੀਆਂ ਦੇ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਪ੍ਰਸ਼ਾਸਨ ਇਸ ਮਾਮਲੇ 'ਤੇ ਪੂਰਾ ਇਨਸਾਫ ਦੇਵੇ ਅਤੇ ਸਾਨੂੰ ਕੋਈ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਨਾ ਕਰੇ। ਜੇਕਰ ਇਨਸਾਫ ਨਾ ਮਿਲਿਆ ਤਾਂ ਸੂਬਾ ਪੱਧਰ 'ਤੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।