ਆਦਰਸ਼ ਸਕੂਲਾਂ 'ਚ ਹੋਏ ਘਪਲੇ ਦੀ ਜਾਂਚ ਮੁਕੰਮਲ ਹੋਣ ਤੱਕ ਨਹੀਂ ਜਾਰੀ ਹੋਵੇਗੀ ਅਗਲੇ ਬਜਟ ਦੀ ਰਾਸ਼ੀ

Last Updated: Jan 12 2018 19:57

ਪੰਜਾਬ ਵਿੱਚ ਪਿਛਲੇ ਦਸ ਸਾਲ ਰਾਜ ਕਰਨ ਵਾਲੀ ਅਕਾਲੀ ਭਾਜਪਾ ਦਾ ਡਰੀਮ ਪ੍ਰੋਜੈਕਟ ਆਦਰਸ਼ ਸਕੂਲ ਰੋਸ ਮੁਜ਼ਾਹਰਿਆਂ, ਧਰਨੇ, ਪ੍ਰਦਰਸ਼ਨ ਅਤੇ ਘਪਲਿਆਂ ਦਾ ਘਰ ਬਣ ਕੇ ਰਹਿ ਗਏ ਹਨ। ਸਟਾਫ਼ ਦੀ ਪਿਛਲੇ 7 ਮਹੀਨੇ ਦੀਆਂ ਤਨਖ਼ਾਹਾਂ  ਦੀ ਅਦਾਇਗੀ ਬਾਕੀ ਹੈ। ਇਨ੍ਹਾਂ ਸਕੂਲਾਂ ਦੇ ਲਈ ਸਿੱਖਿਆ ਵਿਭਾਗ ਨੇ ਨਵਾਂ ਬਜਟ ਜਾਰੀ ਕਰਨ ਤੋਂ ਇੰਨਕਾਰ ਕਰ ਦਿੱਤਾ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਆਦਰਸ਼ ਸਕੂਲ ਪੱਕਾ, ਮਿੱਡੂਮਾਨ ਅਤੇ ਰਣਸੀਂਹ ਕਲਾਂ ਸਕੂਲ ਮੋਗਾ ਦਾ ਬਜਟ ਹਾਲ ਦੀ ਘੜੀ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਦਰਸ਼ ਸਕੂਲਾਂ ਦੀ ਮੈਨੇਜਮੈਂਟ ਕਮੇਟੀ ਨੇ ਜੁਲਾਈ 2017 ਤੋਂ ਲੈ ਕੇ ਦਸੰਬਰ 2017 ਤੱਕ ਦਾ ਬਜਟ ਬਣਾ ਕੇ ਸਿੱਖਿਆ ਵਿਭਾਗ ਨੂੰ ਭੇਜਿਆ ਸੀ ਜਿਸ ਵਿੱਚ ਤਨਖ਼ਾਹਾਂ ਅਤੇ ਹੋਰ ਖ਼ਰਚੇ ਸ਼ਾਮਿਲ ਸਨ।

ਸਿੱਖਿਆ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 10 ਜਨਵਰੀ ਨੂੰ ਬਜਟ ਫਾਈਲ ਵਿਭਾਗ ਸਕੱਤਰ ਕ੍ਰਿਸ਼ਨ ਕੁਮਾਰ ਕੋਲ ਪਾਸ ਹੋਣ ਲਈ ਪੁੱਜੀ ਸੀ। ਸਿੱਖਿਆ ਸਕੱਤਰ ਨੇ ਤਿੰਨਾਂ ਆਦਰਸ਼ ਸਕੂਲਾਂ ਦੇ ਕਰੀਬ ਸਵਾ ਕਰੋੜ ਬਜਟ ਨੂੰ ਹਾਲ ਦੀ ਘੜੀ ਪਾਸ ਨਹੀਂ ਕੀਤਾ। ਸਿੱਖਿਆ ਵਿਭਾਗ ਨੇ ਮੈਨੇਜਮੈਂਟ ਕਮੇਟੀ ਨੂੰ ਉਨ੍ਹਾਂ ਖ਼ਿਲਾਫ਼ ਚੱਲ ਰਹੀਆਂ ਵਿਭਾਗੀ ਪੜਤਾਲਾਂ ਪਹਿਲਾਂ ਕਲੀਅਰ ਕਰਵਾਉਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਇਨ੍ਹਾਂ ਤਿੰਨਾਂ ਸਕੂਲਾਂ ਦਾ ਪ੍ਰਬੰਧ ਚਲਾ ਰਹੀ ਮੈਨੇਜਮੈਂਟ ਕਮੇਟੀ ਵਿਵਾਦਾਂ ਵਿੱਚ ਘਿਰੀ ਹੋਈ ਹੈ ਅਤੇ ਕਮੇਟੀ ਦੇ ਚੇਅਰਮੈਨ ਖ਼ਿਲਾਫ਼ ਜਬਰ ਜ਼ਿਨਾਹ, ਸਟਾਫ਼ ਦਾ ਸਰੀਰਕ ਸ਼ੋਸ਼ਣ, ਤਨਖ਼ਾਹਾਂ ਵਿੱਚ ਕਥਿਤ ਘਪਲੇਬਾਜ਼ੀ ਦੇ ਦੋਸ਼ਾਂ ਤਹਿਤ ਚਾਰ ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਨਿਸ਼ਚਿਤ ਤਨਖ਼ਾਹਾਂ ਅਧਿਆਪਕਾਂ ਨੂੰ ਨਹੀਂ ਦਿੱਤੀਆਂ ਗਈਆਂ।