ਕੇਸਾਂ ਦੀ ਬੇਅਦਬੀ ਮਾਮਲੇ 'ਚ ਕੈਂਟ ਬੋਰਡ ਦੇ ਮੀਤ ਪ੍ਰਧਾਨ ਤੇ ਕੌਂਸਲਰ ਵੱਲੋਂ ਪੁਲਿਸ ਸਾਹਮਣੇ ਆਤਮ ਸਮਰਪਣ..!

Last Updated: Jan 12 2018 19:50

ਕੈਂਟ ਬੋਰਡ ਦੇ ਕੌਂਸਲਰ ਜੋਰਾ ਸਿੰਘ ਸੰਧੂ ਦੀ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਦੇ ਮਾਮਲੇ ਦਾ ਪਿਛਲੇ ਸੱਤ ਮਹੀਨਿਆਂ ਤੋਂ ਸਾਹਮਣਾ ਕਰ ਰਹੇ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਵੇਂ ਮੁੰਡਿਆਂ ਨੇ ਥਾਣਾ ਕੈਂਟ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।

ਦੱਸਣਯੋਗ ਹੈ ਕਿ ਥਾਣਾ ਕੈਂਟ ਪੁਲਿਸ ਨੇ ਬੀਤੀ 6 ਜੂਨ 2017 ਨੂੰ ਕੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਅਤੇ ਕੌਂਸਲਰ ਰੋਹਿਤ ਗਿੱਲ ਡੱਬੂ ਖ਼ਿਲਾਫ਼ ਕੌਂਸਲਰ ਜੋਰਾ ਸਿੰਘ ਸੰਧੂ ਦੀ ਸ਼ਿਕਾਇਤ 'ਤੇ ਧਾਰਾ 332, 295-ਏ, 353, 186, 149 ਆਈ.ਪੀ.ਸੀ ਦੇ ਮਾਮਲਾ ਦਰਜ ਕੀਤਾ ਸੀ। ਜਿਸ ਸਬੰਧੀ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਵੱਲੋਂ ਲਗਾਈ ਅਗਾਊਂ ਜ਼ਮਾਨਤ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਫ਼ਿਰੋਜ਼ਪੁਰ ਵੱਲੋਂ ਰੱਦ ਹੋਣ 'ਤੇ ਉਨ੍ਹਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਲਗਾਈ ਅੰਤਰਿਮ ਬੇਲ ਵੀ ਰੱਦ ਹੋ ਗਈ ਸੀ।

ਇਸ ਦੌਰਾਨ ਦੋਹਾਂ ਕੌਂਸਲਰਾਂ ਵੱਲੋਂ ਆਪਣੀ ਪਹੁੰਚ ਦਾ ਇਸਤੇਮਾਲ ਕਰਦਿਆਂ ਏ.ਆਈ.ਜੀ ਕ੍ਰਾਈਮ ਬਠਿੰਡਾ ਜ਼ੋਨ ਕੋਲ ਇੰਨਕੁਆਰੀ ਲਗਵਾ ਕੇ ਬਾਕੀ ਸਾਰੀਆਂ ਧਾਰਾਵਾਂ ਰੱਦ ਕਰਵਾ ਲਈਆਂ ਸਨ। ਜਦੋਂਕਿ ਕੌਂਸਲਰ ਜੋਰਾ ਸਿੰਘ ਵੱਲੋਂ ਪੇਸ਼ ਕੀਤੀਆਂ ਸੀ.ਸੀ.ਟੀ.ਵੀ ਫੁਟੇਜ਼ ਦੇ ਚੱਲਦਿਆਂ ਏ.ਆਈ.ਜੀ ਕ੍ਰਾਈਮ ਨੇ ਕੇਸਾਂ ਅਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਦੀ ਧਾਰਾ 295-ਏ ਨੂੰ ਤੋੜਨ ਤੋਂ ਇੰਨਕਾਰ ਕਰ ਦਿੱਤਾ ਸੀ। 

ਥਾਣਾ ਕੈਂਟ ਦੇ ਮੁਖੀ ਨਵੀਨ ਕੁਮਾਰ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਉਕਤ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਦੀਆਂ ਅਗਾਊਂ ਜ਼ਮਾਨਤਾਂ ਰੱਦ ਕਰ ਦੇਣ ਉਪਰੰਤ ਪੁਲਿਸ ਵੱਲੋਂ ਉਕਤ ਦੋਹਾਂ ਭਰਾਵਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਅੱਜ ਇਨ੍ਹਾਂ ਦੋਹਾਂ ਵੱਲੋਂ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਗਿਆ।