ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੀ ਗੱਦਾਰੀ: ਸੁਖਬੀਰ ਬਾਦਲ

Last Updated: Jan 12 2018 19:24

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪੰਜਾਬ ਦੀ ਸੱਤਾ 'ਤੇ ਕਾਬਜ਼ ਕੈਪਟਨ ਸਰਕਾਰ ਅਤੇ ਉਸ ਦੇ ਮੰਤਰੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਗਰੀਬਾਂ, ਕਿਸਾਨਾਂ, ਖੇਤ ਮਜ਼ਦੂਰਾਂ ਨੂੰ ਕਰਜ਼ਾ ਮਾਫ਼ੀ ਕਰਨ ਦਾ ਹਲਫ਼ਨਾਮਾ ਦੇ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰ 'ਤੇ ਸਿਰਫ਼ ਕਾਂਗਰਸੀਆਂ ਦਾ ਕਰਜ਼ਾ ਮਾਫ਼ ਕਰਨ ਅਤੇ ਹਰਿਆਣਾ ਤੋਂ ਸ਼ਰਾਬ ਤਸਕਰੀ ਕਰਨ ਦਾ ਵੀ ਦੋਸ਼ ਲਾਇਆ।

ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿੱਚ ਇੱਕ ਸਮਾਰੋਹ ਵਿੱਚ ਪੁੱਜੇ ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗਰੀਬਾਂ, ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦਲਿਤਾਂ ਨਾਲ ਹਰ ਤਰਾਂ ਦਾ ਕਰਜ਼ਾ ਮਾਫ਼ ਕਰਨ ਦਾ ਹਲਫ਼ਨਾਮਾ ਦੇ ਕੇ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਹੁਣ 90 ਹਜ਼ਾਰ ਕਰੋੜ ਦੇ ਕਰਜ਼ੇ ਵਿੱਚੋਂ ਸਿਰਫ਼ 1 ਪ੍ਰਤੀਸ਼ਤ ਕਰਜ਼ਾ ਮਾਫ਼ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ।

ਪੰਜਾਬ ਵਿੱਚ ਇੰਡਸਟਰੀ ਨੂੰ ਬਿਜਲੀ ਮੁਫ਼ਤ ਦੇਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਜਿਵੇਂ ਕੋਈ ਚੀਜ਼ ਨਹੀਂ ਹੈ। ਕਈ ਵਾਰ ਕੈਬਨਿਟ ਵਿੱਚ ਫ਼ੈਸਲਾ ਲਏ ਜਾਣ ਦੇ ਬਾਵਜੂਦ ਵੀ ਕੁਝ ਵੀ ਲਾਗੂ ਨਹੀਂ ਹੋ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਤੋਂ ਸਾਰੇ ਕਾਂਗਰਸੀ ਮੰਤਰੀ ਸ਼ਰਾਬ ਪੰਜਾਬ ਵਿੱਚ ਤਸਕਰੀ ਕਰ ਰਹੇ ਹਨ।

ਇਸ ਮੌਕੇ 'ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਰਦੇਵ ਰੋਗਲਾ, ਗਿਆਨੀ ਰਘਵੀਰ ਸਿੰਘ,ਸਤਗੁਰ ਸਿੰਘ ਨਮੋਲ ਸਮੇਤ ਹੋਰ ਅਕਾਲੀ ਆਗੂ ਮੌਜੂਦ ਸਨ।