...ਤੇ ਉਹ ਹੱਡ ਚੀਰਵੀਂ ਠੰਡ 'ਚ ਵੀ ਡਟੇ ਰਹਿੰਦੇ ਨੇ ਸਰਹੱਦਾਂ 'ਤੇ

Gurpreet Singh Josan
Last Updated: Jan 12 2018 17:21

ਪੰਜ ਦਰਿਆਵਾਂ ਦੀ ਧਰਤੀ 'ਪੰਜਾਬ' ਸਮੇਤ ਪੂਰੇ ਉੱਤਰੀ ਭਾਰਤ ਵਿੱਚ ਪੈ ਰਹੀ ਹੱਡ ਚੀਰਵੀਂ ਠੰਡ ਕਰਕੇ ਜਿੱਥੇ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ, ਉੱਥੇ ਹੀ ਰਾਤ ਤੇ ਸਵੇਰ ਨੂੰ ਪੈ ਰਹੀ ਸੰਘਣੀ ਧੁੰਦ ਨੇ ਆਵਾਜਾਈ ਰੋਕ ਕੇ ਰੱਖ ਦਿੱਤੀ ਹੈ। ਠੰਡ ਕਾਰਨ ਲੋਕ ਘਰਾਂ 'ਚੋਂ ਨਿਕਲਣ ਤੋਂ ਗੁਰੇਜ ਕਰ ਰਹੇ ਹਨ। ਸਿਰਫ ਜਰੂਰੀ ਕੰਮਾਂ ਵੇਲੇ ਹੀ ਲੋਕ ਘਰਾਂ ਵਿੱਚੋਂ ਨਿਕਲ ਰਹੇ ਹਨ। ਜੀ ਹਾਂ, ਦੋਸਤੋਂ, ਇਸ ਪੈ ਰਹੀ ਕੜਾਕੇ ਦੀ ਠੰਡ ਨੇ ਜਿੱਥੇ ਆਮ ਲੋਕਾਂ ਨੂੰ ਘਰਾਂ ਵਿੱਚ ਬਿਠਾ ਕੇ ਰੱਖ ਦਿੱਤਾ ਹੈ, ਉੱਥੇ ਹੀ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨ 24 ਘੰਟੇ ਹੱਡ ਚੀਰਵੀਂ ਠੰਡ ਵਿੱਚ ਵੀ ਡਟੇ ਨਜ਼ਰ ਆ ਰਹੇ ਹਨ।

ਜੇਕਰ ਗੱਲ ਕੌਮਾਤਰੀ ਹਿੰਦ-ਪਾਕਿ ਸਰਹੱਦ ਦੀ ਕੀਤੀ ਜਾਵੇ ਤਾਂ ਸਰਹੱਦ 'ਤੇ ਘੁਸਪੈਠ ਅਤੇ ਸਮੱਗਲਿੰਗ ਨੂੰ ਰੋਕਣ ਤੋਂ ਇਲਾਵਾ ਦੇਸ਼ ਦੀ ਸੁਰੱਖਿਆ ਲਈ ਤਾਇਨਾਤ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਲਈ ਹਰੇਕ ਸਾਲ ਧੁੰਦ ਦਾ ਮੌਸਮ ਕਈ ਚੁਣੌਤੀਆਂ ਪੈਦਾ ਕਰਦਾ ਹੈ। ਲਗਭਗ ਹਰ ਵਰ੍ਹੇ ਹੀ ਦਸੰਬਰ, ਜਨਵਰੀ ਅਤੇ ਫਰਵਰੀ ਮਹੀਨਿਆਂ ਦੌਰਾਨ ਕਈ ਘੁਸਪੈਠੀਏ ਅਤੇ ਸਮੱਗਲਰ ਧੁੰਦ ਦਾ ਫ਼ਾਇਦਾ ਚੁੱਕ ਕੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਸਰਹੱਦ 'ਤੇ ਮੁਸਤੈਦੀ ਨਾਲ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ।

ਮਿਤਰੋਂ, ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਖੇ ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਆਦਿ ਜ਼ਿਲ੍ਹਿਆਂ ਵਿੱਚ ਪਾਕਿਸਤਾਨ ਨਾਲ ਕਰੀਬ ਸਾਢੇ 500 ਕਿੱਲੋਮੀਟਰ ਲੰਮੀ ਸਰਹੱਦ ਲੱਗਦੀ ਹੈ। ਇਸ ਸਰਹੱਦ ਦੀ ਸੁਰੱਖਿਆ ਲਈ ਕੰਡਿਆਲੀ ਤਾਰ ਲਗਾਉਣ ਤੋਂ ਇਲਾਵਾ ਆਧੁਨਿਕ ਕਿਸਮ ਦੇ ਯੰਤਰਾਂ, ਹਥਿਆਰਾਂ ਨਾਲ ਲੈਸ ਸਰਹੱਦੀ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਭਾਵੇਂਕਿ ਧੁੰਦ ਲਈ ਜਵਾਨਾਂ ਵੱਲੋਂ ਵਿਸ਼ੇਸ਼ ਕਿਸਮ ਦੇ ਯੰਤਰ, ਲੇਜ਼ਰ ਵਾਲ ਵਰਗੀਆਂ ਤਕਨੀਕਾਂ ਦਾ ਸਹਾਰਾ ਲਿਆ ਜਾਂਦਾ ਹੈ, ਪਰ ਇਸਦੇ ਬਾਵਜੂਦ ਵੀ ਧੁੰਦ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਘੁਸਪੈਠੀਏ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ 'ਤੇ ਸਰਹੱਦੀ ਸੁਰੱਖਿਆ ਬਲ ਦੇ ਜਵਾਨ ਕਾਬੂ ਕਰ ਲੈਂਦੇ ਹਨ।

ਜਾਣਕਾਰੀ ਦੇ ਮੁਤਾਬਿਕ ਹੱਡ ਚੀਰਵੀਂ ਠੰਡ ਵਿੱਚ ਸਰਹੱਦੀ ਸੁਰੱਖਿਆ ਬਲ ਵੱਲੋਂ ਚੌਂਕੀ ਦੋਨਾ ਤੇਲੂ ਮੱਲ ਦੇ ਇਲਾਕੇ ਵਿੱਚ ਕਰੀਬ 100 ਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਜਵਾਨ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਸਮੇਂ-ਸਮੇਂ 'ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤ ਵਿੱਚ ਭੇਜੀਆਂ ਗਈਆਂ ਹੈਰੋਇਨ ਦੀਆਂ ਖੇਪਾਂ ਨੂੰ ਫੜ ਕੇ ਦੇਸ਼ ਨੂੰ ਬਚਾ ਰਹੇ ਹਨ। ਬੀਐਸਐਫ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਭਰ 'ਚੋਂ ਸਾਲ 2017 ਦੇ ਦੌਰਾਨ 278 ਕਿੱਲੋ 144 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜੋ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤ ਵਿੱਚ ਭੇਜੀ ਗਈ ਸੀ। ਅਧਿਕਾਰੀ ਦੇ ਮੁਤਾਬਿਕ ਸਾਲ 2017 ਵਿੱਚ 2.149 ਕਿੱਲੋ ਅਫੀਮ, 23 ਪਿਸਤੌਲ, 34 ਮੈਗਜੀਨ, 694 ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਭਾਰਤੀ ਬਾਰਡਰ ਕਰਾਸ ਕਰਦੇ 68 ਘੁਸਪੈਠੀਏ, 5 ਬੰਗਲਾਦੇਸ਼ੀਆਂ ਅਤੇ 27 ਪਾਕਿਸਤਾਨੀ ਘੁਸਪੈਠੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਸਰਹੱਦੀ ਸੁਰੱਖਿਆ ਬਲ ਦੇ ਡੀਆਈਜੀ ਦੇ ਮੁਤਾਬਿਕ ਬੀ.ਐਸ.ਐਫ. ਦੇ ਆਈ.ਜੀ. ਪੰਜਾਬ ਫਰੰਟੀਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫਿਰੋਜ਼ਪੁਰ ਸੈਕਟਰ ਵਿੱਚ ਸੁਰੱਖਿਆ ਨੂੰ ਹੋਰ ਸਖਤ ਕਰਦੇ ਹੋਏ ਸਰਹੱਦ 'ਤੇ ਆਧੁਨਿਕ ਉਪਕਰਨਾਂ ਦੀ ਵਰਤੋ ਕੀਤੀ ਜਾ ਰਹੀ ਹੈ। ਸੋ, ਦੋਸਤੋਂ, ਜਿੱਥੇ ਅਸੀਂ ਇਸ ਹੱਡ ਚੀਰਵੀਂ ਠੰਡ ਵਿੱਚ ਕਮਰਿਆਂ 'ਚ ਬੈਠੇ ਹੋਏ ਹਾਂ ਉੱਥੇ ਹੀ ਸਾਡੇ ਦੇਸ਼ ਦੇ ਰਾਖੇ ਇਸ ਹੱਡ ਚੀਰਵੀਂ ਠੰਡ ਵਿੱਚ ਸਰਹੱਦਾਂ 'ਤੇ ਤਾਇਨਾਤ ਹਨ, ਜੋ ਸਾਡੀ ਅਤੇ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹਨ। ਸਾਨੂੰ ਉਮੀਦ ਹੈ ਕਿ ਸਾਡੀ ਫੌਜ ਦੇ ਜਵਾਨ ਇਸੇ ਤਰ੍ਹਾਂ ਹੀ ਇਸ ਵਰ੍ਹੇ 2018 ਵਿੱਚ ਵੀ ਪਾਕਿਸਤਾਨ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।