ਬਾਬਾ ਫ਼ਰੀਦ ਯੂਨੀਵਰਸਿਟੀ ਸਿਕਿਉਰਿਟੀ ਗਾਰਡ ਯੂਨੀਅਨ ਨੇ ਤਨਖ਼ਾਹਾਂ ਨਾ ਮਿਲਣ 'ਤੇ ਕੀਤਾ ਰੋਸ ਮੁਜ਼ਾਹਰਾ

Tarsem Chanana
Last Updated: Jan 12 2018 16:36

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਕੰਮ ਕਰ ਰਹੇ ਸਿਕਿਉਰਿਟੀ ਗਾਰਡ ਤਨਖ਼ਾਹਾਂ ਨਾ ਮਿਲਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹ ਨਾ ਮਿਲਣ 'ਤੇ ਰੋਸ ਵਿੱਚ ਆਏ ਯੂਨੀਅਨ ਦੇ ਮੈਂਬਰਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। 

ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਵੀਰ ਸਿੰਘ ਪੱਖੀ ਨੇ ਕਿਹਾ ਕਿ ਉਹ ਪਿਛਲੇ 7-8 ਸਾਲਾਂ ਤੋਂ ਇਸ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹੈ। ਪਰ ਯੂਨੀਵਰਸਿਟੀ ਨੇ ਨਾ ਤਾਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਹਨ ਅਤੇ ਨਾ ਹੀ ਕੋਈ ਉਜ਼ਰਤਾਂ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਕੀਤੇ ਜਾਣ ਵਿੱਚ ਵੀ ਯੂਨੀਵਰਸਿਟੀ ਕੋਈ ਗੰਭੀਰਤਾ ਨਹੀਂ ਦਿਖਾ ਰਹੀ ਹੈ। ਹਰ ਵਾਰ ਕਈ ਕਈ ਮਹੀਨਿਆਂ ਦੀਆਂ ਤਨਖ਼ਾਹਾਂ ਦੇਰ ਨਾਲ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੇ ਰਵੱਈਏ ਵਿੱਚ ਤਬਦੀਲੀ ਨਾ ਕੀਤੀ ਤਾਂ ਉਹ ਇੱਕ ਵੱਡਾ ਸੰਘਰਸ਼ ਆਰੰਭ ਕਰਨਗੇ ਅਤੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਆਰ-ਪਾਰ ਦੀ ਲੜਾਈ ਲੜਨਗੇ। ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਉਨ੍ਹਾਂ ਪ੍ਰਤੀ ਰਵੱਈਆ ਇੰਨਾ ਮਾੜਾ ਹੈ ਕਿ ਪਿਛਲੇ ਸਾਲ ਸਰਕਾਰ ਦੁਆਰਾ ਘੱਟੋ ਘੱਟ ਉਜ਼ਰਤਾਂ ਵਿੱਚ ਕੀਤੇ ਗਏ ਵਾਧੇ ਮੁਤਾਬਿਕ ਵੀ ਉਨ੍ਹਾਂ ਦੀਆਂ ਤਨਖ਼ਾਹਾਂ ਨਾਲ ਏਰੀਅਰ ਨਹੀਂ ਦਿੱਤਾ ਗਿਆ। 

ਇਸ ਮੌਕੇ ਯੂਨੀਅਨ ਦੇ ਸੁਖਪਾਲ ਢੀਮਾਂ ਵਾਲੀ , ਸਤਿਨਾਮ ਪੱਖੀ, ਨਗਿੰਦਰ , ਗੁਰਮੀਤ ਮਚਾਕੀ, ਰਣਜੀਤ ਸਿੰਘ ਗੋਲੇਵਾਲ,ਜੱਜਬੀਰ , ਸੁਖਪਾਲ ਸੁੱਖੀ, ਨਰਿੰਦਰ , ਜੱਗਾ ਜਗਰਾਜ ਸਿੰਘ, ਪ੍ਰਦੀਪ ਕੋਟਕਪੂਰਾ, ਲਾਭ ਮਿਸ਼ਰੀ ਵਾਲਾ,ਬੇਅੰਤ ਸਿੰਘ , ਲਲਿਤ ਆਦਿ ਹਾਜ਼ਰ ਸਨ।