ਆਮ ਆਦਮੀ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ 2019 ਦੀਆਂ ਚੋਣਾਂ.!!! (ਕੱਲ੍ਹ ਦਾ ਬਾਕੀ)

Last Updated: Jan 12 2018 15:05

ਦੋਸਤੋ ਬੀਤੀ ਕੱਲ੍ਹ ਤੁਸੀਂ ਪੜ੍ਹਿਆ ਕਿ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਹੋਂਦ ਵਿੱਚ ਆਈ, ਇਸ ਪਾਰਟੀ ਦੀ ਸਥਾਪਨਾ ਵਿੱਚ ਕੌਣ-ਕੌਣ ਮਦਦਗਾਰ ਸੀ ਤੇ ਕਿਸ ਤਰ੍ਹਾਂ ਜਦੋਂ ਇਸ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਨੇ ਜਦੋਂ ਇਸ ਪਾਰਟੀ ਨੂੰ ਹੋਣ ਵਿੱਚ ਲਿਆਣਾ ਚਾਹਿਆ ਤਾਂ ਕੇਜਰੀਵਾਲ ਦੇ ਸਿਆਸੀ ਗੁਰੂ ਅੰਨਾ ਹਜ਼ਾਰੇ ਨੇ ਉਨ੍ਹਾਂ ਨੂੰ ਅਜਿਹਾ ਕਰਨੋ ਵਰਜਿਆ, ਪਰ ਉਹ ਨਹੀਂ ਮੰਨੇ ਤੇ ਉਨ੍ਹਾਂ ਨੇ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਮਨੀਸ਼ ਸਸੋਦੀਆ, ਸੰਜੇ ਸਿੰਘ, ਸੁਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ ਵਰਗੇ ਲੋਕਾਂ ਨੂੰ ਨਾਲ ਲੈ ਕੇ ਇੱਕ ਸਿਆਸੀ ਪਾਰਟੀ "ਆਮ ਆਦਮੀ ਪਾਰਟੀ" (ਆਪ) ਖੜ੍ਹੀ ਕਰ ਲਈ। ਤੁਸੀਂ ਇਹ ਵੀ ਪੜ੍ਹਿਆ ਕਿ ਕਿਸ ਤਰ੍ਹਾਂ ਦੋ ਤਿੰਨ ਪਾਰਟੀਆਂ ਵਿੱਚ ਹੀ ਉਲਝ ਕੇ ਰਹਿ ਗਏ ਭਾਰਤੀਆਂ ਨੂੰ ਇਸ ਨਵੀਂ ਪਾਰਟੀ ਤੋਂ ਆਸ ਦੀ ਕਿਰਨ ਜਾਗੀ ਤੇ ਇਸ ਪਾਰਟੀ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵਸੇ ਭਾਰਤੀਆਂ ਨੇ ਵੀ ਮੋਢਿਆਂ ਤੇ ਚੁੱਕ ਲਿਆ। ਨਤੀਜਾ ਇਹ ਨਿਕਲਿਆ ਕਿ ਦੋ ਵਾਰ ਦਿੱਲੀ 'ਚ ਹੋਈਆਂ ਚੋਣਾਂ ਦੌਰਾਨ ਲੋਕਾਂ ਨੇ "ਆਪ" ਨੂੰ ਸੱਤਾ ਸੌਂਪ ਦਿੱਤੀ। ਹੁਣ ਅੱਗੇ।

ਦੋਸਤੋ ਫਿਰ ਉਹੋ ਹੋਇਆ ਜਿਸ ਗੱਲ ਦਾ ਅਰਵਿੰਦ ਕੇਜਰੀਵਾਲ ਦੇ ਸਿਆਸੀ ਗੁਰੂ ਅੰਨਾ ਹਜ਼ਾਰੇ ਨੂੰ ਡਰ ਸੀ, ਤੇ ਜਿਸ ਡਰੋਂ ਅੰਨਾ ਹਜ਼ਾਰੇ ਕੇਜਰੀਵਾਲ ਨੂੰ ਸਿਆਸੀ ਪਾਰਟੀ ਬਣਾਉਣੋਂ ਮਨਾ ਕਰ ਰਹੇ ਸਨ। ਸੱਤਰ ਸਾਲਾਂ ਤੋਂ ਦੇਸ਼ ਦੀ ਸੱਤਾ ਤੇ ਬਦਲ-ਬਦਲ ਕੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੇਖ ਕੇ ਆਪਣਾ ਭਵਿੱਖ ਹਨੇਰੇ ਵਿੱਚ ਨਜ਼ਰ ਆਉਣ ਲੱਗਾ। ਹਰ ਪਾਸਿਓਂ ਆਪ ਦੇ ਹੱਕ ਵਿੱਚ ਆਵਾਜ਼ਾਂ ਉੱਠਣ ਲੱਗ ਪਈਆਂ।

ਫਿਰ ਸਾਹਮਣੇ ਆਈ ਚਾਣਕਿਆ ਨੀਤੀ, ਤੇ ਸਿਆਸਤ ਦੀ ਇਸ ਬਿਸਾਤ ਉੱਤੇ ਆਪ ਨੂੰ ਮਾਤ ਦੇਣ ਲਈ ਵਿਰੋਧੀਆਂ ਵੱਲੋਂ ਸਭ ਤੋਂ ਪਹਿਲਾਂ ਵਾਰ ਕੀਤਾ ਗਿਆ ਮੀਡੀਆ ਨੂੰ ਕਬਜ਼ੇ ਵਿੱਚ ਲੈ ਕੇ, ਤੇ ਆਪ ਖ਼ਿਲਾਫ਼ ਸਭ ਤੋਂ ਪਹਿਲੀ ਚਾਲ ਚੱਲੀ ਗਈ ਮੀਡੀਆ ਰਾਹੀਂ। ਇਨ੍ਹਾਂ ਸਾਰੇ ਸਿਆਸੀ ਘਟਨਾਕਰਮਾਂ ਨੂੰ ਚੁੱਪਚਾਪ ਦੇਖ ਰਹੇ ਸਿਆਸੀ ਵਿਦਵਾਨਾਂ ਅਨੁਸਾਰ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਸਿਰਫ ਤੇ ਸਿਰਫ ਅੰਨਾ ਹਜ਼ਾਰੇ ਅਤੇ ਅਰਵਿੰਦ ਕੇਜਰੀਵਾਲ ਦਾ ਲਾਈਵ ਟੈਲੀਕਾਸਟ ਸੁੱਚ ਦੱਬ ਕੇ ਜਿਹੜੇ ਚੈਨਲ ਮਾਲਕ ਅਤੇ ਵੱਡੇ-ਵੱਡੇ ਪੱਤਰਕਾਰ ਆਪ ਖੁਦ ਜਿਸ ਅੰਨਾ ਹਜ਼ਾਰੇ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਗੋਡਿਆਂ ਨਾਲ ਗੋਡੇ ਜੋੜ ਕੇ ਪੰਡਾਲ ਵਿੱਚ ਜੁੜ ਬੈਠੇ ਸਨ ਇੱਕੋ ਦਮ ਉਨ੍ਹਾਂ ਸਾਰੀਆਂ ਨੇ ਕੇਜਰੀਵਾਲ ਤੋਂ ਦੂਰੀ ਬਣਾ ਲਈ।

ਜ਼ਿਆਦਾਤਰ ਖ਼ਬਰਾਂ ਜਾਂ ਤਾਂ ਕੇਜਰੀਵਾਲ ਦੀ ਪਾਰਟੀ ਆਪ ਦੇ ਖ਼ਿਲਾਫ਼ ਲੱਗਣ ਲੱਗ ਪਈਆਂ ਤੇ ਜਾਂ ਫਿਰ ਮੀਡੀਆ ਵੱਲੋਂ ਇਸ ਪਾਰਟੀ ਦੀ ਕਿਸੇ ਵੀ ਕਾਰਗੁਜ਼ਾਰੀ ਨੂੰ ਦਿਖਾਉਣਾ ਹੀ ਬੰਦ ਕਰ ਦਿੱਤਾ ਗਿਆ। ਆਪ ਵਿਰੋਧੀਆਂ ਦੇ ਭੰਡੀ ਪ੍ਰਚਾਰ ਨੂੰ ਦੱਬ ਕੇ ਵਖਾਇਆ ਜਾਣ ਲੱਗ ਪਿਆ। ਜਦੋਂ ਇਸ ਨਾਲ ਵੀ ਗੱਲ ਬਣਦੀ ਨਾ ਦਿਸੀ ਤਾਂ ਇੱਕ ਦਮ ਦਿੱਲੀ ਦੇ ਲੈਫਟੀਨੈਂਟ ਗਵਰਨਰ ਨਜੀਬ ਜੰਗ ਦਾ ਨਕਾਰਾਤਮਕ ਰੋਲ ਸਾਹਮਣੇ ਆਉਣ ਲੱਗ ਪਿਆ। ਜਿਹੜਾ ਕਿ ਗਵਰਨਰਾਂ ਦੇ ਭਾਰਤੀ ਇਤਿਹਾਸ ਵਿੱਚ ਕਦੀ ਵੀ ਨਹੀਂ ਹੋਇਆ ਸੀ। ਦੋਸ਼ ਲੱਗੇ ਕਿ ਸਭ ਵੱਲੋਂ ਆਪ ਪਾਰਟੀ ਨੂੰ ਲੋਕਾਂ ਦੀ ਨਜ਼ਰਾਂ 'ਚ ਖ਼ਤਮ ਕਰਨ ਲਈ ਜੰਗ ਦੀਆਂ ਸੰਵਿਧਾਨਕ ਸ਼ਕਤੀਆਂ ਨੂੰ ਡੰਡੇ ਦੇ ਤੌਰ ਤੇ ਵਰਤਿਆ ਗਿਆ।

ਆਪ ਸਰਕਾਰ ਦੇ ਹਰ ਫੈਸਲੇ ਨੂੰ ਜੰਗ ਦੀਆਂ ਸੰਵਿਧਾਨਕ ਸ਼ਕਤੀਆਂ ਦੇ ਕਨੂੰਨੀ ਨੁਕਤੇ ਰਾਹੀਂ ਪਲਟ ਦਿੱਤਾ ਜਾਂਦਾ ਰਿਹਾ। ਇੱਥੋਂ ਤੱਕ ਕਿ ਮੁੱਖ ਮੰਤਰੀ ਤੇ ਬਾਕੀ ਮੰਤਰੀਆਂ ਵੱਲੋਂ ਦਿੱਲੀ ਦੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਤੱਕ ਰੱਦ ਕਰ ਦਿੱਤੇ ਗਏ। ਹਾਲਾਤ ਇੱਥੋਂ ਤੱਕ ਬਣ ਗਏ ਕਿ ਆਪ ਸਰਕਾਰ ਪੰਗੂ ਹੋ ਕੇ ਰਹਿ ਗਈ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਉਨ੍ਹਾਂ ਦੇ ਸਾਰੇ ਕੰਮ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਕਰਨੇ ਨੇ ਕਿਉਂਕਿ ਸਾਰੀਆਂ ਸ਼ਕਤੀਆਂ ਉਨ੍ਹਾਂ ਕੋਲ ਨੇ, ਤਾਂ ਫਿਰ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀਆਂ ਤੋਂ ਕੀ ਲੈਣਾ ਹੈ? ਸਿੱਧਾ ਭਾਜਪਾ ਵਾਲਿਆਂ ਦੀ ਸ਼ਰਣ ਵਿੱਚ ਹੀ ਜਾਓ।

ਮਾਹਿਰਾਂ ਅਨੁਸਾਰ ਇਸ ਤੋਂ ਬਾਅਦ ਸਿਆਸਤ ਦਾ ਤੀਜਾ ਵਾਰ ਹੋਇਆ। ਭਾਰਤੀ ਇਤਿਹਾਸ ਵਿੱਚ ਇਹ ਵੀ ਪਹਿਲੀ ਵਾਰ ਹੋਣਾ ਸ਼ੁਰੂ ਹੋਇਆ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਦੇ ਦਫਤਰ ਸਮੇਤ ਹੋਰ ਮੰਤਰੀਆਂ ਦੇ ਦਫਤਰਾਂ ਵਿੱਚ ਛਾਪੇ ਮਾਰੇ ਗਏ, ਉੱਥੋਂ ਰਿਕਾਰਡ ਜਪਤ ਕਰ ਲਿਆ ਗਿਆ ਤੇ ਮੀਡੀਆ ਨੇ ਇਸ ਦਾ ਖੂਬ ਭੰਡੀ ਪ੍ਰਚਾਰ ਕੀਤਾ ਕਿ ਮੁੱਖ ਮੰਤਰੀ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਗਈ ਹੈ। ਉਹ ਤਾਂ ਕੇਜਰੀਵਾਲ ਦਾ ਕਿਰਦਾਰ ਸਾਫ ਸੁਥਰਾ ਸੀ (ਜਿਹਾ ਕਿ ਦਾਅਵਾ ਕੀਤਾ ਜਾਂਦਾ ਹੈ) ਜਾਂ ਉਨ੍ਹਾਂ ਦੀ ਕਿਸਮਤ, ਕਿ ਸਾਰਾ ਪਾਸਾ ਈ ਪੁੱਠਾ ਪੈ ਗਿਆ ਤੇ ਇਸ ਮਾਮਲੇ 'ਚ ਮੁੱਖ ਮੰਤਰੀ ਦਫ਼ਤਰ 'ਚੋਂ ਕੁਝ ਵੀ ਨਾ ਮਿਲਣ ਕਰਕੇ ਮਾਮਲਾ ਦੱਬ ਕੇ ਰਹਿ ਗਿਆ। ਪਰ ਮਾਹਰ ਦੱਸਦੇ ਹਨ ਕਿ ਚਾਣਕਿਆ ਨੀਤੀ ਦਾ ਅਜੇ ਖਾਤਮਾ ਨਹੀਂ ਹੋਇਆ ਸੀ।

ਕੁਝ ਹੀ ਦਿਨਾਂ ਬਾਅਦ ਇੱਕ ਦੇ ਬਾਅਦ ਇੱਕ ਕਰਕੇ ਦਿੱਲੀ ਦੇ ਵਿਧਾਇਕਾਂ ਮੰਤਰੀਆਂ ਦੇ ਖ਼ਿਲਾਫ਼ ਪਰਚੇ ਦਰਜ ਕਰਕੇ ਦਿੱਲੀ ਦੀ ਹੀ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹਾਂ 'ਚ ਡੱਕਣਾ ਸ਼ੁਰੂ ਕਰ ਦਿੱਤਾ। ਇਹ ਵੀ ਭਾਰਤੀ ਸਿਆਸਤ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਭਾਰਤ ਦੇ ਕਿਸੇ ਸੂਬੇ ਵਿੱਚ ਜਿਸ ਪਾਰਟੀ ਦੀ ਸਰਕਾਰ ਹੋਵੇ, ਉਸੇ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਖ਼ਿਲਾਫ਼ ਉਸੇ ਸੂਬੇ ਦੀ ਪੁਲਿਸ ਨੇ ਹੀ ਇੰਨੀ ਵੱਡੀ ਤਾਦਾਤ 'ਚ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਵੇ। (ਚੱਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।