ਬੱਚਿਆਂ ਵਿੱਚ ਵਧਦਾ ਗੁੱਸਾ

Last Updated: Jan 12 2018 14:52

ਬੱਚਿਆਂ ਵਿੱਚ ਹਰ ਰੋਜ਼ ਹਿੰਸਾ ਵੱਧ ਰਹੀ ਹੈ, ਕੋਈ ਗਾਣਿਆਂ ਨੂੰ ਦੋਸ਼ ਦੇ ਰਿਹਾ ਹੈ, ਕੋਈ ਗੀਤਕਾਰਾਂ ਨੂੰ ਦੋਸ਼ ਦੇ ਰਿਹਾ ਹੈ, ਮੇਰੇ ਵਰਗਾ ਇੱਕ-ਅੱਧਾ ਸਾਡੇ ਸਮਾਜ ਨੂੰ ਵੀ ਦੋਸ਼ ਦੇ ਰਿਹਾ ਹੈ ਅਤੇ ਧਰਮ ਨੂੰ ਵੀ ਦੋਸ਼ ਦੇ ਰਿਹਾ ਹੈ ਜੋ ਬੱਚਿਆਂ ਵਿੱਚ ਰੋਹ ਅਤੇ ਫਾਲਤੂ ਦੀ ਫੁਕਰੀ ਵਧਾ ਰਹੇ ਹਨ।

ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਬਣੇ ਸੀਨੀਅਰ ਸਕੈਂਡਰੀ ਸਕੂਲ ਦੇ ਕੁਝ ਬੱਚਿਆਂ ਦੀ ਆਪਸ ਵਿੱਚ ਕਿਸੇ ਗੱਲੋਂ ਤੂੰ-ਤੂੰ ਮੈਂ-ਮੈਂ ਹੋਈ। ਹੁਣ ਕੁਝ ਸਮੇਂ ਤੋਂ ਇੱਕ ਰਿਵਾਜ ਚੱਲ ਗਿਆ ਹੈ ਕਿ ਜਦੋਂ ਵੀ ਕਿਸੇ ਦੀ ਲੜਾਈ ਹੁੰਦੀ ਹੈ ਤਾਂ ਉਹ ਆਪ ਦੋ ਪਾਰਟੀਆਂ ਨਹੀਂ ਲੜਦੀਆਂ ਪਰ ਹਰੇਕ ਬੱਚੇ/ਵਿਅਕਤੀ ਦਾ ਪਹਿਲਾ ਜਵਾਬ ਹੁੰਦਾ "ਤੂੰ ਰੁਕ ਇੱਥੇ, ਇੱਥੇ ਈ ਰੁਕੀਂ ਮੈਂ ਬੰਦੇ ਬੁਲਾ ਕੇ ਲਿਆਇਆ।"

ਇਹ ਜੋ ਬੰਦਿਆਂ ਨੂੰ ਬੁਲਾਉਣ ਦੀ ਇੱਕ ਨਵੀਂ ਰਿਵਾਇਤ ਪੰਜਾਬ ਜਾਂ ਪੂਰੇ ਦੇਸ਼ ਵਿੱਚ ਹੀ ਚੱਲ ਪਈ ਹੈ ਇਸਨੇ ਬੱਚਿਆਂ ਦਾ ਬਹੁਤ ਬੇੜਾਗਰਕ ਕੀਤਾ ਹੈ। ਜਿੱਥੇ ਪਹਿਲਾਂ ਜਦੋਂ ਕਦੀ ਲੜਾਈ ਹੁੰਦੀ ਬੱਚੇ ਜਾਂ ਵੱਡੇ ਆਪਸ ਵਿੱਚ ਹੀ ਘਸੁੰਨ-ਮੁੱਕੀ ਹੋ ਕੇ ਸ਼ਾਂਤ ਹੋ ਜਾਂਦੇ, ਨੇੜੇ ਖਲੋਤੀ ਜਨਤਾ ਵੀ ਉਨ੍ਹਾਂ ਨੂੰ ਸਮਝਾ ਬੁਝਾ ਕੇ ਲੜਾਈ ਸ਼ਾਂਤ ਕਰਵਾ ਦਿੰਦੀ, ਪਰ ਅੱਜ-ਕੱਲ੍ਹ ਤਾਂ ਲੜਾਈਆਂ ਹੀ ਹੋਰ ਹੁੰਦੀਆਂ ਨੇ, ਕਿਰਪਾਨਾਂ, ਕੱਟੇ, ਛੁਰੇ, ਹਾਕੀਆਂ, ਪੰਚ, ਬੇਸਬਾਲ ਬੱਲੇ ਪਤਾ ਨਹੀਂ ਕੀ-ਕੀ ਚੱਲ ਪਿਆ ਹੈ ਬੱਚਿਆਂ ਦੇ ਵਿੱਚ ਅਜਿਹਾ ਚਲਨ ਪਤਾ ਨਹੀਂ ਕਦੀ ਤੋਂ ਅਤੇ ਕਿਓਂ ਚੱਲ ਪਿਆ ਹੈ।

ਇਸ ਉੱਪਰ ਇੱਕ ਸਮਾਜਿਕ ਤਜਰਬਾ ਹੋਣਾ ਚਾਹੀਦਾ ਹੈ ਜਿਸ ਕਾਰਨ ਬੱਚਿਆਂ ਦੇ ਜ਼ਹਿਨ ਵਿੱਚ ਆ ਰਹੀ ਇਹ ਕਰੂਰਤਾਂ ਬਾਰੇ ਕੋਈ ਹੱਲ ਕੱਢਿਆ ਜਾ ਸਕੇ, ਪਰ ਸਾਡੇ ਨੇਤਾਵਾਂ ਨੂੰ ਆਪਣੇ ਹੀ 100 ਸਿਆਪੇ ਨੇ, ਅੱਧਿਆਂ ਨੂੰ ਪੈਸੇ ਦੀ ਭੁੱਖ ਨੇ ਮਾਰ ਲਿਆ ਹੈ ਤਾਂ ਬਾਕੀਆਂ ਨੂੰ ਕੁਰਸੀ ਦਾ ਮੋਹ ਨਹੀਂ ਕੁਝ ਕਰਨ ਦਿੰਦਾ। ਮੈਨੂੰ ਚੇਤਾ ਆਉਂਦਾ ਹੈ ਜਦੋਂ ਮੈਂ 7ਵੀਂ ਜਮਾਤ ਵਿੱਚ ਸੀ ਅਤੇ ਸਾਡੀ ਟਰਮ ਖ਼ਤਮ ਹੋਣ ਵਾਲੀ ਸੀ, ਪੇਪਰਾਂ ਨੂੰ ਕੁਝ ਸਮਾਂ ਬਾਕੀ ਸੀ 10ਵੀਂ ਕਲਾਸ ਨੂੰ 9ਵੀਂ ਕਲਾਸ ਦੇ ਵਿਦਿਆਰਥੀਆਂ ਨੇ ਫੇਅਰਵੈਲ ਦੇਣੀ ਸੀ ਜਦੋਂ ਪਾਰਟੀ ਹੋਈ ਤਾਂ ਅਗਲੇ ਦਿਨ ਸਾਡੇ ਸਕੂਲ ਦੀ ਫ਼ੋਟੋ ਅਤੇ ਬੱਚਿਆਂ ਦੇ ਨਾਮਾਂ ਦੇ ਨਾਲ ਅਖ਼ਬਾਰ ਦੇ ਪਹਿਲੇ ਪੰਨੇ 'ਤੇ ਖਬਰ ਲੱਗੀ ਸੀ ਕਿ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਉੱਪਰ ਪਾਰਟੀ ਤੋਂ ਬਾਅਦ ਪੈਟਰੋਲ ਪੰਪ ਉਪਰ ਹੋਈ ਲੜਾਈ ਵਿੱਚ ਛੁਰੀਆਂ ਨਾਲ ਹਮਲਾ ਕੀਤਾ ਜਿਸ ਵਿੱਚ 3 ਵਿਦਿਆਰਥੀ ਫੱਟੜ ਹੋ ਗਏ।

ਸਾਡੇ ਲਈ ਇਹ ਬੜੀ ਅਜੀਬ ਗੱਲ ਸੀ ਕਿ ਕਿੱਦਾਂ ਸਾਡੇ ਸਾਹਮਣੇ ਐਨੇ ਸਾਲ ਰਹੇ ਬੱਚੇ ਅੱਜ ਕ੍ਰਿਮਿਨਲ ਬਣ ਗਏ ਹਨ। ਅੱਜ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਸਕੂਲ ਦੇ ਬੱਚਿਆਂ ਦੀ ਗਾਥਾ ਮੇਰੇ ਸਾਹਮਣੇ ਆਈ ਤਾਂ ਇਹ ਵਾਕਿਆ ਮੇਰੀ ਅੱਖਾਂ ਸਾਹਮਣੇ ਆ ਗਿਆ ਸੀ, ਬਹਿਰਹਾਲ ਯੂਨੀਵਰਸਿਟੀ ਦਾ ਵਿਕਿਆ ਸੁਣੋ, ਪੰਜਾਬੀ ਯੂਨੀਵਰਸਿਟੀ ਸਕੂਲ ਵਿਖੇ ਪੜ੍ਹਦੇ ਕੁਝ ਬੱਚਿਆਂ ਦੀ ਆਪਸ ਵਿੱਚ ਲੜਾਈ ਹੋਈ ਅਤੇ ਇੱਕ ਪਾਰਟੀ ਨੇ ਦੂਜੀ ਨੂੰ ਕੁੱਟਣ ਲਈ ਬੰਦੇ ਬੁਲਾ ਲਏ, ਜਦੋਂ 2:50 ਛੁੱਟੀ ਹੋਈ ਤਾਂ ਛੁੱਟੀ ਤੋਂ ਬਾਅਦ ਬਾਹਰ ਕੁੱਟਮਾਰ ਕਰਨ ਲਈ ਦੂਜੀ ਪਾਰਟੀ ਅਤੇ ਹੋਰ ਬੰਦੇ ਖੜ੍ਹੇ ਸਨ।

ਲੜਾਈ ਵਿੱਚ ਜ਼ਖਮੀ ਹੋਏ ਨੌਜਵਾਨ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਆਪਣੀ ਜਾਨ ਬਚਾਈ, ਪਰ ਦੂਜੀ ਪਾਰਟੀ ਜ਼ਿਆਦਾ ਤਪੀ ਸੀ ਉਨ੍ਹਾਂ ਨੇ ਵੀ ਮੋਟਰਸਾਈਕਲ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਬੰਦੇ ਲੈ ਕੇ ਆਈ ਪਾਰਟੀ ਨੇ ਭੱਜੀ ਪਾਰਟੀ ਦੇ ਨਾਲ ਮੋਟਰਸਾਈਕਲ ਲਾਇਆ ਅਤੇ ਉਸ ਦਾ ਹੈਂਡਲ ਫੜ ਕੇ ਘੁਮਾ ਦਿੱਤਾ। ਜਿਸ ਕਾਰਨ ਭੱਜੀ ਪਾਰਟੀ ਦੇ ਜਵਾਨ ਸੜਕ 'ਤੇ ਗਿਰ ਗਏ।

ਜਦੋਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਚਲਾ ਕਿ ਉਨ੍ਹਾਂ ਵਿੱਚੋਂ ਇੱਕ ਦੀ ਬੋਲਣ ਦੀ ਸ਼ਕਤੀ ਇਸ ਹਾਦਸੇ ਕਾਰਨ ਚਲੀ ਗਈ ਹੈ। ਜਿਸ ਕਾਰਨ ਅਰਬਨ ਸਟੇਟ ਪੁਲਿਸ ਥਾਣੇ ਵਿੱਚ ਇੱਕ ਸ਼ਿਕਾਇਤ ਵੀ ਦਰਜ ਕਾਰਵਾਈ ਗਈ ਹੈ। ਪਰ ਕੀ ਸਿਰਫ਼ ਸਜ਼ਾ ਦੇਣਾ ਹੀ ਇਸਦਾ ਅੰਤ ਹੈ? ਸਜ਼ਾ ਦੇਣ ਨਾਲ ਅੱਗੋਂ ਅਜਿਹੇ ਵਾਕੇ ਕੀ ਨਹੀਂ ਹੋਣਗੇ? ਕੀ ਸਾਨੂੰ ਸਭ ਨੂੰ ਬੈਠ ਕੇ ਇਹ ਇਖ਼ਤਿਆਰ ਕਰਨ ਦੀ ਲੋੜ ਨਹੀਂ ਹੈ ਕਿ ਅਸੀਂ ਅਜਿਹਾ ਕੋਈ ਨੇਤਾ ਲੈ ਕੇ ਆਈਏ ਜੋ ਆਪਣੀ ਭੁੱਖ ਛੱਡ ਸਮਾਜ ਬਾਰੇ ਸੋਚ ਸਕਣ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।