ਭੇਦਭਰੇ ਹਾਲਾਤ 'ਚ ਖੇਤਾਂ ਚੋਂ ਮਿਲੀ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਲਾਸ਼

Last Updated: Jan 12 2018 14:31

ਨਜ਼ਦੀਕੀ ਪਿੰਡ ਟੱਪਰੀਆਂ ਦੇ ਖੇਤਾਂ ਚੋਂ ਬੀਤੀ ਦੇਰ ਸ਼ਾਮ ਸਮਰਾਲਾ ਪੁਲਿਸ ਨੇ ਭੇਦਭਰੇ ਹਾਲਾਤ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਬਰਾਮਦ ਕੀਤੀ ਹੈ। ਫ਼ਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਖੇਤਾਂ 'ਚ ਲਾਸ਼ ਪਈ ਹੋਣ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪਹਿਚਾਣ ਅਤੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਮਰਾਲਾ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੀ ਸ਼ਾਮ ਕਿਸੇ ਵਿਅਕਤੀ ਨੇ ਪੁਲਿਸ ਥਾਣਾ ਸਮਰਾਲਾ 'ਚ ਇਹ ਸੂਚਨਾ ਦਿੱਤੀ ਸੀ ਕਿ ਪਿੰਡ ਟੱਪਰੀਆਂ ਦੇ ਖੇਤਾਂ ਵਿੱਚ ਸ਼ੱਕੀ ਹਾਲਾਤ 'ਚ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਸੂਚਨਾ ਮਿਲਣ 'ਤੇ ਥਾਣਾ ਸਮਰਾਲਾ 'ਚ ਤਾਇਨਾਤ ਏ.ਐਸ.ਆਈ ਗੁਲਜ਼ਾਰੀ ਲਾਲ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ 'ਤੇ ਪਹੁੰਚ ਕੇ ਮੌਕਾ ਮੁਆਇਆ ਕਰਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕੀਤੀ। ਮ੍ਰਿਤਕ ਦੀ ਲਾਸ਼ ਆਲੂ ਦੇ ਖੇਤਾਂ ਵਿੱਚ ਮੂਧੇ ਮੂੰਹ ਪਈ ਸੀ। ਮ੍ਰਿਤਕ ਦੇ ਪਹਿਨੇ ਹੋਏ ਕੱਪੜਿਆਂ ਚੋਂ ਉਸ ਦੀ ਸ਼ਨਾਖ਼ਤ ਸਬੰਧੀ ਕੋਈ ਪਹਿਚਾਣ ਪੱਤਰ ਜਾਂ ਕੋਈ ਕਾਗਜ਼ਾਤ ਨਾ ਮਿਲਣ ਦੇ ਚੱਲਦੇ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਗੁਲਜ਼ਾਰੀ ਲਾਲ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਪਿੰਡ ਟੱਪਰੀਆਂ ਦੇ ਕਿਸਾਨ ਜਗਤਾਰ ਸਿੰਘ ਦੇ ਖੇਤਾਂ 'ਚ ਪਈ ਹੋਈ ਸੀ। ਮ੍ਰਿਤਕ ਦੇਖਣ ਨੂੰ ਪ੍ਰਵਾਸੀ ਮਜ਼ਦੂਰ ਜਾਪਦਾ ਹੈ। ਮ੍ਰਿਤਕ ਦੀ ਪਹਿਚਾਣ ਕਰਵਾਉਣ ਸਬੰਧੀ ਪਿੰਡ ਵਾਸੀਆਂ ਨੂੰ ਲਾਸ਼ ਦਿਖਾਈ ਗਈ, ਪਰ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਲਾਸ਼ ਖੇਤਾਂ 'ਚ ਕਿਸ ਤਰਾਂ ਪਹੁੰਚੀ ਅਤੇ ਮੌਤ ਹੋਣ ਦੇ ਕੀ ਕਾਰਨ ਸਨ, ਇਸ ਸੰਬੰਧੀ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ। ਫ਼ਿਲਹਾਲ ਲਾਸ਼ ਨੂੰ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਨਾ ਹੋਣ ਦੇ ਬਾਅਦ ਉਸ ਨੂੰ ਲਾਵਾਰਸ ਕਰਾਰ ਦੇ ਕੇ ਉਸ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਵੇਗਾ। ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।