ਚੋਰਾਂ ਨੇ ਟੈਲੀਕਾਮ ਦੀ ਦੁਕਾਨ 'ਚੋਂ ਉਡਾਏ ਹਜ਼ਾਰਾਂ ਦੇ ਮੋਬਾਈਲ ਫੋਨ.!!!

Last Updated: Jan 12 2018 13:23

ਕਸਬਾ ਤਲਵੰਡੀ ਭਾਈ ਵਿਖੇ ਬੀਤੀ ਰਾਤ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਯਾਦਗਾਰੀ ਪਾਰਕ ਵਾਲੀ ਗਲੀ ਵਿੱਚ ਸਥਿਤ ਇੱਕ ਟੈਲੀਕਾਮ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਦੁਕਾਨ ਵਿੱਚੋਂ ਹਜ਼ਾਰਾਂ ਰੁਪਏ ਦੇ ਕੀਮਤ ਦੇ ਮੋਬਾਈਲ ਫ਼ੋਨ ਚੋਰੀ ਕਰ ਲਏ। ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਕਿੱਟੀ ਅਰੋੜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਆਪਣੀ ਦੁਕਾਨ ਨੂੰ ਤਾਲੇ ਲਗਾ ਕੇ ਬੰਦ ਕਰਕੇ ਗਿਆ ਸੀ। ਉਨ੍ਹਾਂ ਦੱਸਿਆ ਉਨ੍ਹਾਂ ਦੀ ਦੁਕਾਨ ਵਿੱਚੋਂ ਰਾਤ ਸਮੇਂ ਕੋਈ ਅਣਪਛਾਤੇ ਚੋਰ ਸ਼ਟਰ ਤੋੜ ਕੇ ਦੁਕਾਨ ਵਿੱਚੋਂ ਮੋਬਾਈਲ ਚੋਰੀ ਕਰਕੇ ਲੈ ਗਏ ਹਨ।

ਕਿੱਟੀ ਅਰੋੜਾ ਨੇ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਦਾ ਉਨ੍ਹਾਂ ਨੂੰ ਅੱਜ ਸਵੇਰੇ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਮੋਬਾਈਲਾਂ ਦੀ ਕੀਮਤ ਕਰੀਬ 60 ਹਜ਼ਾਰ ਰੁਪਏ ਬਣਦੀ ਹੈ। ਇਸ ਚੋਰੀ ਦੀ ਵਾਰਦਾਤ ਸਬੰਧੀ ਉਨ੍ਹਾਂ ਵੱਲੋਂ ਥਾਣਾ ਤਲਵੰਡੀ ਭਾਈ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਤਲਵੰਡੀ ਭਾਈ ਦੇ ਏ.ਐਸ.ਆਈ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਿੱਟੀ ਅਰੋੜਾ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।