ਦਿਨ-ਦਿਹਾੜੇ ਬੰਦ ਮਕਾਨ 'ਚੋਂ ਅਣਪਛਾਤੇ ਵਿਅਕਤੀਆਂ ਨੇ ਚੋਰੀ ਕੀਤੀ ਨਗਦੀ ਅਤੇ ਗਹਿਣੇ

Last Updated: Jan 12 2018 12:25

ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਸ੍ਰੀ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਦੇ ਨਜ਼ਦੀਕ ਸਥਿਤ ਮੁਹੱਲਾ ਰਾਈਆਂ 'ਚ ਡੀ.ਜੇ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਘਰ ਦਾਖਲ ਹੋ ਕੇ ਅਣਪਛਾਤੇ ਵਿਅਕਤੀ ਅਲਮਾਰੀ ਵਿੱਚੋਂ 2 ਲੱਖ ਰੁਪਏ ਨਗਦੀ ਅਤੇ ਪੰਜ ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਵਾਰਦਾਤ ਸਮੇਂ ਮਕਾਨ ਮਾਲਕ ਅਤੇ ਉਸਦੇ ਪਰਿਵਾਰਕ ਮੈਂਬਰ ਘਰ 'ਚ ਮੌਜੂਦ ਨਹੀਂ ਸਨ। ਘਰ ਵਾਪਸ ਪਹੁੰਚਣ ਤੇ ਮਕਾਨ ਮਾਲਕਣ ਨੇ ਘਰ 'ਚ ਚੋਰੀ ਹੋਈ ਦੇਖ ਕੇ ਆਪਣੇ ਲੜਕੇ ਨੂੰ ਜਾਣਕਾਰੀ ਦਿੱਤੀ ਅਤੇ ਬਾਅਦ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਦੇ ਬਾਅਦ ਥਾਣਾ ਮਾਛੀਵਾੜਾ ਤੋਂ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਘਟਨਾ ਦੀ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਕ ਮੁਹੱਲਾ ਰਾਈਆਂ 'ਚ ਰਹਿਣ ਵਾਲਾ ਡੀ.ਜੇ ਸਾਊਂਡ ਦਾ ਕੰਮ ਕਰਨ ਵਾਲਾ ਜਤਿਨ ਕੁਮਾਰ ਆਪਣੇ ਕੰਮ ਤੇ ਗਿਆ ਹੋਇਆ ਸੀ। ਘਰ 'ਚ ਮੌਜੂਦ ਉਸਦੀ ਮਾਂ ਦੁਪਹਿਰ ਕਰੀਬ 12 ਵਜੇ ਮਕਾਨ ਨੂੰ ਬੰਦ ਕਰਕੇ ਕਿਸੇ ਦੇ ਘਰ ਕੰਮ ਕਰਨ ਚਲੀ ਗਈ। ਉਸਦੇ ਪਿੱਛੋਂ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਹੋ ਕੇ ਆਏ ਅਤੇ ਚਾਬੀ ਨਾਲ ਤਾਲਾ ਖੋਲਣ ਦੇ ਬਾਅਦ ਅਲਮਾਰੀ 'ਚੋਂ 2 ਲੱਖ ਰੁਪਏ ਅਤੇ ਪੰਜ ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਜਦੋਂ ਬਾਅਦ ਦੁਪਹਿਰ ਜਤਿਨ ਦੀ ਮਾਂ ਵਾਪਸ ਘਰ ਪਹੁੰਚੀ ਤਾਂ ਕਮਰੇ ਦਾ ਤਾਲਾ ਅਤੇ ਅੰਦਰ ਅਲਮਾਰੀ ਖੁੱਲੀ ਪਈ ਸੀ ਅਤੇ ਕਮਰੇ ਅੰਦਰ ਬੈੱਡ ਉੱਪਰ ਸਾਮਾਨ ਖਿਲਰਿਆ ਪਿਆ ਸੀ।

ਜਦੋਂ ਉਸਦੀ ਮਾਂ ਨੇ ਅਲਮਾਰੀ ਅੰਦਰ ਸਾਮਾਨ ਦੀ ਜਾਂਚ ਕੀਤੀ ਤਾਂ ਨਗਦੀ ਅਤੇ ਗਹਿਣੇ ਗਾਇਬ ਪਾਏ। ਇਸਦੇ ਬਾਅਦ ਉਸਨੇ ਆਪਣੇ ਲੜਕੇ ਨੂੰ ਸੂਚਨਾ ਦਿੱਤੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡੀ.ਜੇ ਦਾ ਕੰਮ ਕਰਦੇ ਹੋਣ ਦੇ ਚੱਲਦੇ ਜਤਿਨ ਦੇ ਘਰ ਅਕਸਰ ਸਾਊਂਡ ਚਲਾਉਣ ਵਾਲੇ ਮੁੰਡਿਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ, ਜਿਸ ਕਾਰਨ ਮੁਹੱਲੇ ਦੇ ਕਿਸੇ ਵਿਅਕਤੀ ਨੂੰ ਕੋਈ ਸ਼ੱਕ ਨਹੀਂ ਹੋਇਆ। ਚੋਰੀ ਦੀ ਵਾਰਦਾਤ ਦੇ ਤਰੀਕੇ ਤੋਂ ਲੱਗਦਾ ਹੈ ਕਿ ਘਟਨਾ ਨੂੰ ਪਰਿਵਾਰ ਦੇ ਕਿਸੇ ਜਾਣ-ਪਹਿਚਾਣ ਵਾਲੇ ਵਿਅਕਤੀਆਂ ਨੇ ਅੰਜ਼ਾਮ ਦਿੱਤਾ ਹੈ।

ਚੋਰੀ ਦੀ ਸੂਚਨਾ ਮਿਲਣ ਬਾਅਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਪਰਿਵਾਰਕ ਮੈਂਬਰਾਂ ਤੋਂ ਉਨ੍ਹਾਂ ਘਰ ਆਉਣ ਜਾਣ ਵਾਲੇ ਵਿਅਕਤੀਆਂ ਸਬੰਧੀ ਪੁੱਛਗਿੱਛ ਕੀਤੀ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਦਾ ਜਲਦੀ ਹੀ ਪਤਾ ਲਗਾ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।