ਕੀ ਨਵਜਾਤ ਬੱਚੇ ਦੀ ਮੁਲਾਕਾਤ ਹੋ ਪਾਵੇਗੀ ਉਸਦੀ ਮਾਂ ਨਾਲ?

Last Updated: Jan 12 2018 11:40

ਦੁਨੀਆ ਅੱਗੇ ਵਧਦੀ ਜਾ ਰਹੀ ਹੈ ਅਤੇ ਲੋਕੀ ਇਨਸਾਨੀਅਤ ਨੂੰ ਵਧਾਉਣ ਦੀ ਥਾਂ ਤੇ ਆਪਣੇ ਕੁਕਰਮਾਂ ਨੂੰ ਵਧਾਉਣ ਦੀ ਰਾਹ ਤੇ ਤੁਰ ਪਏ ਹਨ, ਇਹ ਗੱਲ ਸ਼ਹਿਰ ਦੇ ਵਿੱਚ ਹੋਈ 1 ਦਿਨ ਦੇ ਪੈਦਾ ਹੋਏ ਨਵਜਾਤ ਬੱਚੇ ਦੀ ਚੋਰੀ ਨੇ ਸਾਬਿਤ ਕਰ ਦਿੱਤੀ ਹੈ। ਅੱਜ ਬੱਚੇ ਨੂੰ ਚੋਰੀ ਹੋਏ 4 ਦਿਨ ਪੂਰੇ ਹੋ ਚੁੱਕੇ ਹਨ ਅਤੇ ਪੁਲਿਸ ਬੱਚਾ ਚੋਰ ਮਹਿਲਾ ਨੂੰ ਹਾਲੇ ਤੱਕ ਵੀ ਟਰੇਸ ਨਹੀਂ ਕਰ ਪਾਈ ਹੈ। ਬਹਰਹਾਲ ਪੁਲਿਸ ਵੱਲੋਂ ਆਰੋਪੀ ਮਹਿਲਾ ਦਾ ਸਕੈਚ ਜ਼ਰੂਰ ਤਿਆਰ ਕਰਵਾਇਆ ਗਿਆ ਹੈ ਪਰ ਇਸ ਗੱਲ ਦੀ ਗਰੰਟੀ ਲੈਣ ਨੂੰ ਕੋਈ ਵੀ ਤਿਆਰ ਨਹੀਂ ਹੈ ਕਿ ਬੱਚਾ ਕਦੇ ਹੁਣ ਆਪਣੀ ਮਾਂ ਨੂੰ ਮੁੜ ਮਿਲੇਗਾ ਕਿ ਨਹੀਂ, ਭਾਵੇਂ ਉਹ ਪੁਲਿਸ ਪ੍ਰਸ਼ਾਸਨ ਹੋਵੇ ਜਾਂ ਫਿਰ ਮਾਤਾ ਕੋਸ਼ਲਯਾ ਹਸਪਤਾਲ ਦੀ ਪ੍ਰਸ਼ਾਸਨ ਹੋਵੇ। ਗਾਇਬ ਹੋਏ ਮੁੰਡੇ ਦੀ ਮਾਤਾ ਸੰਦੀਪ ਕੌਰ ਨੂੰ ਇਸ ਗੱਲ ਦਾ ਇਹੋ ਜਿਹਾ ਸਦਮਾ ਲੱਗਿਆ ਹੈ ਕਿ ਉਹ ਕੁਝ ਵੀ ਬੋਲ ਨਹੀਂ ਪਾ ਰਹੀ ਹੈ। ਪੁਲਿਸ ਵੱਲੋਂ ਆਪਣੇ ਅਧਿਕਾਰੀਆਂ ਦੇ ਨੰਬਰ ਦੇ ਨਾਲ ਆਰੋਪੀ ਮਹਿਲਾ ਦਾ ਸਕੈਚ ਜਾਰੀ ਕਰ ਦਿੱਤਾ ਗਿਆ ਹੈ ਅਤੇ ਬੱਚੇ ਦੇ ਪਰਿਵਾਰ ਦੀ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਤਾਂ ਜੋ ਕਿਸੇ ਵਿਅਕਤੀ ਨੂੰ ਆਰੋਪੀ ਔਰਤ ਦੀ ਜਾਣਕਾਰੀ ਮਿਲੇ ਤਾਂ ਉਹ ਛੇਤੀ ਸੂਚਨਾ ਦੇ ਸਕੇ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਕੇਸ 'ਚ ਆਰੋਪੀ ਮਹਿਲਾ ਤੋਂ ਬੱਚੇ ਨੂੰ ਹਾਸਿਲ ਕਰਕੇ ਇੱਕ ਬੇਟੇ ਨੂੰ ਉਸਦੀ ਮਾਂ ਦੀ ਗੋਦੀ ਨਸੀਬ ਕਰਾਏਗੀ ਜਾਂ ਫਿਰ ਇਹ ਮਾਮਲਾ ਵੀ ਰਿਕਾਰਡਾਂ ਵਿੱਚ ਦੱਬ ਜਾਵੇਗਾ।