ਅਗਵਾ ਕਰਨ ਦੇ ਬਾਅਦ ਕਤਲ ਕੀਤੇ ਬੱਚੇ ਦੀ ਹਾਲੇ ਤੱਕ ਨਹੀਂ ਮਿਲੀ ਲਾਸ਼

Last Updated: Jan 12 2018 10:32

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੁਰਾਈਵਾਲਾ ਦੇ ਵਿੱਚ ਬੀਤੇ ਦਿਨੀਂ ਅਗਵਾ ਕਰਨ ਦੇ ਬਾਅਦ ਕਤਲ ਕੀਤੇ 14 ਸਾਲ ਦੇ ਬੱਚੇ ਸੁਰਿੰਦਰ ਸਿੰਘ ਦੀ ਲਾਸ਼ ਹਾਲੇ ਤੱਕ ਬਰਾਮਦ ਨਹੀਂ ਹੋਈ ਹੈ। ਇਸ ਸਬੰਧੀ ਪੁਲਿਸ, ਗੋਤਾਖੋਰ ਅਤੇ ਐਨ.ਡੀ.ਆਰ.ਐੱਫ. ਦੀ ਟੀਮ ਵੱਲੋਂ ਨਹਿਰ ਵਿੱਚੋਂ ਉਸਦੀ ਭਾਲ ਜਾਰੀ ਹੈ। ਇਸ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਆਰੋਪੀ ਸੋਨੀ ਸਿੰਘ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਉਸ ਕੋਲੋਂ ਹੋਰ ਵੀ ਪੁੱਛਗਿੱਛ ਜਾਰੀ ਹੈ। ਦੂਜੇ ਪਾਸੇ ਸੁਰਿੰਦਰ ਦੇ ਪਿਤਾ ਅਨੁਸਾਰ ਜੇਕਰ ਉਨ੍ਹਾਂ ਦਾ ਬੱਚਾ ਜਿਊਂਦਾ ਹੈ ਅਤੇ ਸੋਨੀ ਉਸ ਬਾਰੇ ਦੱਸ ਦੇਵੇ ਤਾਂ ਉਹ ਅਗਵਾਕਾਰ ਸੋਨੀ ਦੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਕਰਨਗੇ ਅਤੇ ਪੈਸੇ ਵੀ ਦੇ ਦੇਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਬੱਚੇ ਸੁਰਿੰਦਰ ਨੂੰ ਉਸਦੀ ਹੀ ਮਾਸੀ ਦੇ ਲੜਕੇ ਸੋਨੀ ਨੇ ਫਿਰੌਤੀ ਲਈ ਅਗਵਾ ਕੀਤਾ ਸੀ ਅਤੇ ਬਾਅਦ ਵਿੱਚ ਪੁਲਿਸ ਵੱਲੋਂ ਕਾਬੂ ਕਰਨ ਤੇ ਸੋਨੀ ਨੇ ਕਿਹਾ ਕਿ ਉਸਨੇ ਬੱਚੇ ਨੂੰ ਬੇਹੋਸ਼ ਕਰ ਨਹਿਰ ਵਿੱਚ ਸੁੱਟ ਦਿੱਤਾ ਸੀ।